ਹੈਰੋਇਨ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 29 ਅਗਸਤ
ਪੁਲੀਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਕਮਿਸ਼ਨਰੇਟ ਨੇ 250 ਗ੍ਰਾਮ ਹੈਰੋਇਨ ਸਮੇਤ ਚਾਰ ਸਮੱਗਲਰਾਂ ਨੂੰ ਕਾਬੂ ਕਰ ਕੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਰੋਹ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਈ ਪੁਆਇੰਟ ਹਰਨਾਮ-ਦਾਸਪੁਰਾ ਨੇੜੇ ਜਾਲ ਵਿਛਾਇਆ ਗਿਆ ਤਾਂ ਇੱਕ ਨੌਜਵਾਨ ਸਨੀ ਵੇਹਮੀ ਦੇਖਿਆ ਗਿਆ ਜਿਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਅਪਰਾਧ ਵਿੱਚ ਤਿੰਨ ਹੋਰ ਕਥਿਤ ਦੋਸ਼ੀ ਹਨੀ ਕਲਿਆਣ, ਮਨੀ ਸੱਭਰਵਾਲ ਅਤੇ ਨੀਰਜ ਵੀ ਸ਼ਾਮਲ ਸਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਹਨੀ ਕਲਿਆਣ ਪਾਸੋਂ 100 ਗ੍ਰਾਮ ਹੈਰੋਇਨ ਅਤੇ ਮਨੀ ਸੱਭਰਵਾਲ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੰਨੀ ਅਤੇ ਹਨੀ ਦੇ ਖਿਲਾਫ਼ ਦੋ, ਮਨੀ ਖਿਲਾਫ਼ ਚਾਰ ਕੇਸ ਪੈਂਡਿੰਗ ਹਨ ਜਦਕਿ ਨੀਰਜ ਖਿਲਾਫ਼ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ।