ਏਟੀਐੱਮ ਰਾਹੀਂ ਠੱਗੀਆਂ ਮਾਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ
ਰਵਿੰਦਰ ਰਵੀ
ਬਰਨਾਲਾ, 30 ਜੂਨ
ਇਥੋਂ ਦੀ ਪੁਲੀਸ ਨੇ ਏਟੀਐਮ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 108 ਏਟੀਐਮ ਕਾਰਡ, 2.05 ਲੱਖ ਰੁਪਏ ਅਤੇ ਕਾਰ ਬਰਾਮਦ ਕੀਤੀ ਹੈ। ਇਸ ਗਰੋਹ ਦੇ ਮੈਂਬਰਾਂ ’ਤੇ ਪਹਿਲਾਂ ਵੀ ਛੇ ਕੇਸ ਦਰਜ ਹਨ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ’ਚ ਕਈ ਲੋਕਾਂ ਨਾਲ ਠੱਗੀਆਂ ਮਾਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਵਿੰਗ ਦੇ ਇੰਚਾਰਜ ਬਲਜੀਤ ਸਿੰਘ ਤੇ ਥਾਣੇਦਾਰ ਨਾਇਬ ਸਿੰਘ ਦੀ ਅਗਵਾਈ ਹੇਠ ਛਾਪਾ ਮਾਰਿਆ ਤੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ 15 ਮਈ ਨੂੰ ਇਥੇ ਸਵੇਰੇ ਇੱਕ ਔਰਤ ਬੱਸ ਸਟੈਂਡ ਸਾਹਮਣੇ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਲਈ ਆਈ ਸੀ ਤਾਂ ਪਹਿਲਾਂ ਤੋਂ ਖੜ੍ਹੇ ਲੜਕਿਆਂ ਨੇ ਧੋਖੇ ਨਾਲ ਏਟੀਐਮ ਰਾਹੀਂ ਉਸ ਦੇ ਖਾਤੇ ਵਿਚੋਂ 85 ਹਜ਼ਾਰ ਰੁਪਏ ਅਤੇ 16 ਮਈ ਨੂੰ 70 ਹਜ਼ਾਰ ਰੁਪਏ ਕਢਵਾ ਲਏ ਸਨ। ਪੁਲੀਸ ਨੇ ਇਸ ਮਾਮਲੇ ਦੀ ਪੈਡ਼ ਨੱਪਦਿਆਂ ਹੀ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਗਰੋਹ ਮੈਂਬਰਾਂ ’ਚ ਜੌਨੀ ਪਵਾਰ, ਉਸ ਦੀ ਪਤਨੀ ਮੋਨਿਕਾ ਸਾਗਰ ਅਤੇ ਸੋਨੂੰ ਸਾਰੇ ਵਾਸੀ ਪਲਵਲ (ਹਰਿਆਣਾ) ਹਾਲ ਆਬਾਦ ਦਿੱਲੀ ਦੇ ਰਹਿਣ ਵਾਲੇ ਹਨ। ੲਿਨ੍ਹਾਂ ਮੁਲਜ਼ਮਾਂ ਨੇ ਮੰਨਿਆ ਕਿ ਉਹ ਵਾਰਦਾਤ ਕਰਨ ਲਈ ਦੋ ਤਿੰਨ ਦਿਨ ਸ਼ਹਿਰ ਦੇ ਹੋਟਲਾਂ ’ਚ ਠਹਿਰਦੇ ਸਨ ਅਤੇ ਦੋ ਜਾਂ ਤਿੰਨ ਵਾਰਦਾਤਾਂ ਕਰਕੇ ਫਰਾਰ ਹੋ ਜਾਂਦੇ ਸਨ।