ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 11 ਜੁਲਾਈ
ਬਠਿੰਡਾ ਪੁਲੀਸ ਨੇ ਚਾਰ ਮੁਲਜ਼ਮ ਹਥਿਆਰਾਂ ਅਤੇ ਵੱਡੀ ਮਾਤਰਾ ’ਚ ਗੋਲੀ ਸਿੱਕੇ ਸਣੇ ਗ੍ਰਿਫ਼ਤਾਰ ਕੀਤੇ ਹਨ। ਐੱਸਐੱਸਪੀ ਦੀਪਕ ਪਾਰੀਕ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦਾ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਹੈ। ਇਹ ਕਾਮਯਾਬੀ ਸੀਆਈਏ ਸਟਾਫ-1 ਬਠਿੰਡਾ ਦੀ ਟੀਮ ਨੂੰ ਬੀਤੀ ਰਾਤ ਉਦੋਂ ਮਿਲੀ, ਜਦੋਂ ਉਹ ਗਸ਼ਤ ’ਤੇ ਸਨ। ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮ ਇੱਕ ਮੋਟਰਸਾਈਕਲ ’ਤੇ ਨਹਿਰ ਦੀ ਪਟੜੀ ਦੇ ਨੇੜੇ ਬਠਿੰਡਾ ਦੀ ਰਿੰਗ ਰੋਡ ’ਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਬੈਗ ਵਿੱਚੋਂ 5 ਪਿਸਤੌਲ, 3 ਪਿਸਤੌਲ 12 ਬੋਰ, ਪਿਸਤੌਲ 315 ਬੋਰ, ਰਿਵਾਲਵਰ 32 ਬੋਰ, 10 ਰੌਂਦ ਅਤੇ 3 ਕਾਰਤੂਸ 12 ਬੋਰ ਦੇ ਮਿਲੇ ਹਨ। ਮੁਲਜ਼ਮਾਂ ਦੀ ਪਛਾਣ ਰਾਮ ਕੁਮਾਰ ਉਰਫ਼ ਬਈਆ, ਸੰਦੀਪ ਨਾਗਰ ਉਰਫ਼ ਨਾਗਰ, ਹਰਮਨਪ੍ਰੀਤ ਸਿੰਘ ਉਰਫ਼ ਹਰਮਨ ਅਤੇ ਮਨੀਸ਼ ਕੁਮਾਰ ਵਜੋਂ ਹੋਈ ਹੈ। ਹਰਮਨ ਦੇ ਸਬੰਧ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਨਾਲ ਸਨ ਪਰ ਹੁਣ ਇਨ੍ਹਾਂ ਦੇ ਸਬੰਧ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ (ਲਾਰੈਂਸ ਬਿਸ਼ਨੋਈ ਗਰੁੱਪ) ਦੇ ਨਾਲ ਹਨ ਅਤੇ ਮੁਲਜ਼ਮ ਸੰਦੀਪ ਨਾਗਰ ਦੇ ਸਬੰਧ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਕੇਕੜਾ ਕਾਲਿਆਂ ਵਾਲੀ ਨਾਲ ਹਨ।