ਲੁੱਟ-ਖੋਹ ’ਚ ਸ਼ਾਮਲ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 29 ਜਨਵਰੀ
ਕਮਿਸ਼ਨਰੇਟ ਪੁਲੀਸ ਨੇ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ 2 ਲੱਖ ਰੁਪਏ, ਵਾਹਨ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਇਹ ਕਾਰਵਾਈ ਜਲੰਧਰ ਦੀ ਘਾਹ ਮੰਡੀ ਦੇ ਰਹਿਣ ਵਾਲੇ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤ ’ਚ ਵਿਨੋਦ ਨੇ ਕਿਹਾ ਸੀ ਕਿ ਉਹ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ ਤੇ ਜਦੋਂ ਉਹ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ ਹਮਲਾਵਰਾਂ ਨੇ ਉਸ ਦੀ ਐਕਟਿਵਾ ਤੇ 2,22,000 ਰੁਪਏ ਖੋਹ ਲਏ। ਕੇਸ ਦਰਜ ਕਰਨ ਮਗਰੋਂ ਪੜਤਾਲ ਕਰਦਿਆਂ ਪੁਲੀਸ ਨੇ ਚਾਰ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ ਉਰਫ ਮੋਨੂੰ, ਕਰਨਪ੍ਰੀਤ ਸਿੰਘ ਉਰਫ ਕਰਨ, ਤਰਲੋਕ ਸਿੰਘ ਉਰਫ ਹੀਰੋ ਤੇ ਅਜੈ ਠਾਕੁਰ ਵਜੋਂ ਕੀਤੀ, ਜਿਸ ਮਗਰੋਂ ਸਾਰੇ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਕੋਲੋਂ ਐਕਟਿਵਾ ਤੇ 2,00,000 ਰੁਪਏ ਤੋਂ ਇਲਾਵਾ, ਚੋਰੀਸ਼ੁਦਾ ਦੋ ਹੋਰ ਵਾਹਨ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਗਰੋਹ ਲੁੱਟ ਦੀਆਂ ਕਈ ਹੋਰ ਘਟਨਾਵਾਂ ਵਿੱਚ ਵੀ ਸ਼ਾਮਲ ਸੀ।
ਪਟਿਆਲਾ ’ਚ ਤਿੰਨ ਨੌਜਵਾਨ ਪਿਸਤੌਲਾਂ ਸਣੇ ਗ੍ਰਿਫ਼ਤਾਰ
ਪਟਿਆਲਾ (ਖੇਤਰੀ ਪ੍ਰਤੀਨਿਧ):
ਪਟਿਆਲਾ ਦੇ ਥਾਣਾ ਅਰਬਨ ਅਸਟੇਟ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨੋਂ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। ਗ੍ਰਿਫ਼ਤਾਰ ਨੌਜਵਾਨਾਂ ’ਚ ਮੁਫਹੀਮ ਖ਼ਾਨ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਖਰੜ, ਤੇਜਵਿੰਦਰ ਬਿੱਲੂ ਵਾਸੀ ਪਿੰਡ ਘਟੌਰ ਤੇ ਹਰਸ਼ਦੀਪ ਸਿੰਘ ਪਾਠਾ ਵਾਸੀ ਪਿੰਡ ਮੁੰਡੀ ਖਰੜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਡੀਐੱਸਪੀ ਸਿਟੀ-2 ਮਨੋਜ ਗੋਰਸੀ ਦੀ ਨਿਗਰਾਨੀ ਹੇਠ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਬਰਾੜ, ਥਾਣੇਦਾਰ ਕੁਲਦੀਪ ਸਿੰਘ ਦੀ ਟੀਮ ਨੇ ਪਹਿਲਾਂ ਦੋ ਜਣਿਆਂ ਨੂੰ ਅਰਬਨ ਅਸਟੇਟ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ। ਦੋਵਾਂ ਤੋਂ ਪੁੱਛ-ਪੜਤਾਲ ਮਗਰੋਂ ਹਰਸ਼ਦੀਪ ਸਿੰਘ ਪਾਠਾ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਖ਼ਿਲਾਫ਼ ਧਾਰਾ 25,54,59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।