ਜੱਸਾ ਬੁਰਜ ਗਰੋਹ ਦੇ ਸਰਗਨੇ ਸਣੇ ਚਾਰ ਮੈਂਬਰ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 5 ਅਕਤੂਬਰ
ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਪੰਜਾਬ ਨੇ ਬਠਿੰਡਾ ਪੁਲੀਸ ਨਾਲ ਮਿਲ ਕੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਜੱਸਾ ਬੁਰਜ ਗਰੋਹ ਦੇ ਸਰਗਨਾ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਉਸ ਦੇ ਤਿੰਨ ਸਾਥੀਆਂ ਨੂੰ .32 ਬੋਰ ਦੇ ਚਾਰ ਪਿਸਤੌਲਾਂ ਅਤੇ 11 ਕਾਰਤੂਸਾਂ ਸਣੇ ਗ੍ਰਿਫ਼ਤਾਰ ਕਰ ਕੇ ਡਕੈਤੀ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਗੌਰਵ ਯਾਦਵ ਵੱਲੋਂ ਜਾਰੀ ਬਿਆਨ ਮੁਤਾਬਕ ਜਸਪ੍ਰੀਤ ਸਿੰਘ ਦੇ ਬਾਕੀ ਤਿੰਨ ਸਾਥੀਆਂ ਦੀ ਪਛਾਣ ਕਰਨਵੀਰ ਸਿੰਘ ਉਰਫ ਕਰਨੀ ਵਾਸੀ ਪਿੰਡ ਗੁਲਾਬਗੜ੍ਹ, ਰੇਸ਼ਮ ਸਿੰਘ ਵਾਸੀ ਪਿੰਡ ਚੱਠਾ ਅਤੇ ਹਰਦੀਪ ਸਿੰਘ ਉਰਫ ਅਰਸ਼ੀ ਵਾਸੀ ਪਿੰਡ ਸੇਖੂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਹਥਿਆਰਾਂ ਦੀ ਸਪਲਾਈ, ਲੁੱਟ-ਖੋਹ, ਅਗਵਾ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐੱਫ ਦੀਆਂ ਟੀਮਾਂ ਅਤੇ ਬਠਿੰਡਾ ਪੁਲੀਸ ਨੇ ਬਠਿੰਡਾ ਦੇ ਰਿੰਗ ਰੋਡ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਅਸਲਾ ਬਰਾਮਦ ਕੀਤਾ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬਠਿੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਇਲਾਕੇ ਵਿੱਚ ਫਾਇਨਾਂਸਰ ਨੂੰ ਨਿਸ਼ਾਨਾ ਬਣਾ ਕੇ ਡਕੈਤੀ ਦੀ ਸਾਜ਼ਿਸ਼ ਰਚੀ ਸੀ। ਬਠਿੰਡਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਉਸ ਦੇ ਸਾਥੀ ਪਿਛਲੇ ਮਹੀਨੇ ਡੀਏਵੀ ਕਾਲਜ ਬਠਿੰਡਾ ਵਿੱਚ ਵਾਪਰੀ ਹਿੰਸਕ ਘਟਨਾ ਵਿੱਚ ਵੀ ਸ਼ਾਮਲ ਸਨ।
ਬਰਨਾਲਾ ਪੁਲੀਸ ਵੱਲੋਂ ਸਥਾਨਕ ਗੈਂਗਸਟਰਾਂ ਦੇ ਦੋ ਗਰੁੱਪਾਂ ਦੇ ਪੰਜ ਮੈਂਬਰ ਗ੍ਰਿਫ਼ਤਾਰ
ਬਰਨਾਲਾ (ਰਵਿੰਦਰ ਰਵੀ): ਬਰਨਾਲਾ ਪੁਲੀਸ ਨੇ ਸਥਾਨਕ ਗੈਂਗਸਟਰਾਂ ਦੇ ਦੋ ਗਰੁੱਪਾਂ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪਿਸਤੌਲ, ਹੋਰ ਅਸਲਾ ਅਤੇ 115 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਬੀਤੇ ਦਿਨੀਂ ਹੰਡਿਆਇਆ ਕੋਲ ਦੋ ਗੈਂਗਸਟਰਾਂ ਦੇ ਗਰੁੱਪਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਅਤੇ ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ ਸਨ। ਇਸ ਮਗਰੋਂ ਮੁਲਜ਼ਮਾਂ ਦੀ ਪੈੜ ਨੱਪਣ ਲਈ ਬਣਾਈ ਗਈ ਟੀਮ ਨੇ ਕਰਨਵੀਰ ਉਰਫ਼ ਰੂਬਲ ਵਾਸੀ ਸ੍ਰੀ ਮੁਕਤਸਰ ਸਾਹਿਬ, ਰੋਹਿਤ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਉਰਫ਼ ਦੀਪੂ ਵਾਸੀ ਸੇਖਾ ਰੋਡ ਬਰਨਾਲਾ, ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਸੇਖਾ ਰੋਡ ਬਰਨਾਲਾ ਅਤੇ ਨਿਰਮਲਜੀਤ ਸਿੰਘ ਉਰਫ਼ ਨਿੰਮਾ ਵਾਸੀ ਪਿੰਡ ਬਦਰਾ (ਬਰਨਾਲਾ) ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਅਸਲਾ ਅਤੇ 115 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਕਰਨਵੀਰ ਅਤੇ ਨਿਰਮਲਜੀਤ ਸਿੰਘ ਨੇ ਆਪੋ-ਆਪਣੇ ਗੈਂਗ ਬਣਾਏ ਹੋਏ ਹਨ। ਇਹ ਗੈਂਗ ਮਾਰੂ ਹਥਿਆਰਾਂ ਨਾਲ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਇਲਾਕੇ ’ਚ ਚਿੱਟਾ ਵੀ ਸਪਲਾਈ ਕਰਦੇ ਹਨ।