ਫ਼ੌਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਚਾਰ ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਤਰਨ ਤਾਰਨ, 28 ਸਤੰਬਰ
ਇਲਾਕੇ ਦੇ ਪਿੰਡ ਭੁੱਚਰ ਕਲਾਂ ਦੇ ਇਕ ਵਾਸੀ ਨੂੰ ਫੌਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਆਪਣੇ ਹੀ ਪਿੰਡ ਦਾ ਇਕ ਜੋੜਾ 4 ਲੱਖ ਰੁਪਏ ਦੀ ਠੱਗੀ ਮਾਰ ਗਿਆ| ਪੀੜਤ ਹਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਿੰਡ ਦੇ ਵਾਸੀ ਮੰਗਲ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਨੇ ਕਰੀਬ ਦੋ ਸਾਲ ਪਹਿਲਾਂ ਉਸ ਨੂੰ ਫੌਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਤੋਂ 4 ਲੱਖ ਰੁਪਏ ਲਏ ਸਨ| ਅੱਜ-ਕੱਲ੍ਹ ਕਰਦਿਆਂ ਉਨ੍ਹਾਂ ਹਰਜੀਤ ਸਿੰਘ ਨੂੰ ਉਸ ਦੀ ਪੋਸਟਿੰਗ ਦਾ ਇਕ ਝੂਠਾ ਨਿਯੁਕਤੀ ਪੱਤਰ ਦੇ ਦਿੱਤਾ, ਜਿਸ ’ਤੇ ਉਸ ਦੀ ਨਿਯੁਕਤੀ ਤਵਾਂਗ (ਚੀਨ ਦੇ ਬਾਰਡਰ ਕੋਲ) ਦੱਸੀ ਗਈ ਸੀ। ਇਸ ਨੂੰ ਲੈ ਕੇ ਹਰਜੀਤ ਸਿੰਘ ਤਵਾਂਗ ਗਿਆ ਤਾਂ ਉਸ ਨੂੰ ਮੰਗਲ ਸਿੰਘ ਨੇ ਗੁਹਾਟੀ ਜਾਣ ਲਈ ਕਿਹਾ| ਉਹ ਗੁਹਾਟੀ ਗਿਆ ਜਿਥੇ ਉਸਨੇ ਆਪਣਾ ਨਿਯੁਕਤੀ ਦਾ ਪੱਤਰ ਵਿਭਾਗ ਨੂੰ ਦਿਖਾਇਆ ਤਾਂ ਅਧਿਕਾਰੀਆਂ ਨੇ ਉਸ ਨੂੰ ਜਾਅਲੀ ਪੱਤਰ ਦੇ ਕੇ ਉਸ ਨਾਲ ਧੋਖਾ ਹੋਣ ਬਾਰੇ ਦੱਸਿਆ| ਸ਼ਿਕਾਇਤ ਦੀ ਪੜਤਾਲ ਮਗਰੋਂ ਝਬਾਲ ਪੁਲੀਸ ਨੇ ਮੰਗਲ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।