ਸੜਕ ਹਾਦਸਿਆਂ ਵਿੱਚ ਚਾਰ ਹਲਾਕ; ਪੰਜ ਜ਼ਖ਼ਮੀ
ਸ਼ਸ਼ੀ ਪਾਲ ਜੈਨ
ਖਰੜ, 1 ਅਗਸਤ
ਖਰੜ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਮਜਾਤ ਅਤੇ ਮਜਾਤੜੀ ਵਿਚਕਾਰ ਬੀਤੀ ਬਾਤ ਇੱਕ ਵਰਨਾ ਗੱਡੀ ਅਤੇ ਦੋ ਮੋਟਰਸਾਈਕਲਾਂ ਵਿਚਕਾਰ ਵਾਪਰੇ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਦੋ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਝੰਜੇੜੀ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਮਜਾਤੜੀ ਵਜੋਂ ਹੋਈ ਹੈ। ਇਸੇ ਦੌਰਾਨ ਪੀੜਤ ਪਰਿਵਾਰਾਂ ਵਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਅਤੇ ਪੁਲੀਸ ’ਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਮਜਾਤੜੀ ਨਜ਼ਦੀਕ ਅੱਜ ਸੜਕ ’ਤੇ ਜਾਮ ਲਗਾਇਆ ਗਿਆ। ਇਸੇ ਮੌਕੇ ਖਰੜ ਸਦਰ ਥਾਣੇ ਦੇ ਐੱਸਐੱਚਓ ਅਮਰਿੰਦਰ ਸਿੰਘ ਗਿੱਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਚੰਡੀਗੜ੍ਹ (ਟਨਸ): ਇਥੇ ਸੈਕਟਰ-51 ਵਿੱਚ ਸਥਿਤ ਸਪੋਰਟਸ ਕੰਪਲੈਕਸ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿਜੈ ਕੁਮਾਰ (82) ਵਾਸੀ ਮੁਹਾਲੀ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਓਜਸਵੀ, ਪੂਨਮ ਤੇ ਸੰਦੀਪ ਕੁਮਾਰ ਜ਼ਖ਼ਮੀ ਹੋ ਗਏ। ਥਾਣਾ ਸੈਕਟਰ-49 ਦੀ ਪੁਲੀਸ ਨੇ ਸੰਦੀਪ ਵਾਸੀ ਮੁਹਾਲੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਬਨੂੜ (ਪੱਤਰ ਪ੍ਰੇਰਕ): ਬਨੂੜ ਬੈਰੀਅਰ ’ਤੇ ਬੀਤੀ ਸ਼ਾਮ ਮਹਿੰਦਰਾ ਪਿੱਕਅੱਪ ਬਲੈਰੋ ਤੇ ਐਕਟਿਵਾ ਦਰਮਿਆਨ ਹੋਏ ਹਾਦਸੇ ਵਿੱਚ ਐਕਟਿਵਾ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ (31) ਵਾਸੀ ਬਨੂੜ ਵਜੋਂ ਹੋਈ ਹੈ।