ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਮੁਕਾਬਲੇ ਦੌਰਾਨ ਐੱਸਪੀ ਤੇ ਚਾਰ ਜਵਾਨ ਜ਼ਖ਼ਮੀ
ਆਦਿਲ ਅਖ਼ਜ਼ਰ/ਏਐੱਨਆਈ
ਸ੍ਰੀਨਗਰ, 28 ਸਤੰਬਰ
J&K Kulgam Encounter: ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨਾਲ ਹੋਏ ਇਕ ਮੁਕਾਬਲੇ ਵਿਚ ਐੱਸਪੀ ਰੈਂਕ ਦੇ ਇਕ ਅਫ਼ਸਰ ਸਣੇ ਪੰਜ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਚਾਰ ਜਵਾਨਾਂ ਵਿਚੋਂ ਤਿੰਨ ਫ਼ੌਜ ਤੇ ਇਕ ਪੁਲੀਸ ਨਾਲ ਸਬੰਧਤ ਹੈ। ਇਕ ਸੀਨੀਅਰ ਪੁਲੀਸ ਅਫ਼ਸਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਜ਼ਖ਼ਮੀ ਜਵਾਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਪਰੇਸ਼ਨ ਹਾਲੇ ਵੀ ਜਾਰੀ ਹੈ। ਉਨ੍ਹਾਂ ਕਿਹਾ, ‘‘ਚਾਰ ਜਵਾਨ ਅਤੇ ਇਕ ਪੁਲੀਸ ਅਫ਼ਸਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ।’’ ਜ਼ਖ਼ਮੀਆਂ ਦੀ ਪਛਾਣ ਐਡੀਸ਼ਨਲ ਐਸਪੀ ਮੁਮਤਾਜ਼ ਅਲੀ ਭੱਟੀ, ਸਿਪਾਹੀ ਮੋਹਨ ਸ਼ਰਮਾ, ਸੋਹਨ ਕੁਮਾਰ, ਯੋਗਿੰਦਰ ਅਤੇ ਮੁਹੰਮਦ ਇਸਰਾਨ ਵਜੋਂ ਹੋਈ ਹੈ।
ਸ੍ਰੀਨਗਰ ਆਧਾਰਤ ਚਿਨਾਰ ਕੋਰ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੂੰ ਸ਼ੁੱਕਰਵਾਰ ਰਾਤ ਅਰੀਗਾਮ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਹਿੱਲਜੁੱਲ ਬਾਰੇ ਸੂਚਨਾ ਮਿਲੀ। ਜਦੋਂ ਸੁਰੱਖਿਆ ਦਸਤੇ ਮੌਕੇ ਉਤੇ ਪੁਜੇ ਤਾਂ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਸ਼ਮੀਰ ਦੇ ਇੰਸਪੈਕਟਰ ਜਨਰਲ ਪੁਲੀਸ ਵੀਕੇ ਬਿਰਦੀ ਨੇ ਕਿਹਾ, ‘‘ਸੁਰੱਖਿਆ ਦਸਤਿਆਂ ਨੂੰ ਬੀਤੀ ਦੇਰ ਰਾਤ ਅਰੀਗਾਮ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਹੱਲਜੁੱਲ ਬਾਰੇ ਜਾਣਕਾਰੀ ਮਿਲੀ। ਜਦੋਂ ਸੁਰੱਖਿਆ ਜਵਾਨ ਉਥੇ ਪੁੱਜੇ ਤਾਂ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀਹੋਈ।... ਇਸ ਦੌਰਾਨ ਤਿੰਨ ਸੁਰੱਖਿਆ ਤੇ ਇਕ ਪੁਲੀਸ ਜਵਾਨ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏ। ਉਹ ਸਥਿਰ ਹਨ। ਅਪਰੇਸ਼ਨ ਜਾਰੀ ਹੈ ਅਤੇ ਇਸ ਨੂੰ ਪੂਰਾ ਹੋਣ ਵਿਚ ਕੁਝ ਸਮਾਂ ਲੱਗੇਗਾ।’’