ਪੁਲੀਸ ਮੁਕਾਬਲੇ ਮਗਰੋਂ ਗੈਂਗਸਟਰਾਂ ਦੇ ਚਾਰ ਸਾਥੀ ਕਾਬੂ
ਗੁਰਬਖਸ਼ਪੁਰੀ
ਤਰਨ ਤਾਰਨ, 30 ਜਨਵਰੀ
ਇੱਥੋਂ ਦੀ ਪੁਲੀਸ ਨੇ ਅੱਜ ਵਿਦੇਸ਼-ਆਧਾਰਿਤ ਅਤਿਵਾਦੀ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਬੰਧਤ ਅਤੇ ਅਮਰੀਕਾ-ਆਧਾਰਿਤ ਗੁਰਦੇਵ ਸਿੰਘ ਉਰਫ਼ ਜੈਸਲ ਚੰਬਲ ਤੇ ਕੈਨੇਡਾ ਆਧਾਰਿਤ ਸਤਬੀਰ ਉਰਫ਼ ਸੱਤਾ ਨੌਸ਼ਹਿਰਾ ਵੱਲੋਂ ਚਲਾਏ ਜਾ ਰਹੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਮੁਕਾਬਲੇ ਮਗਰੋਂ ਇੱਥੋਂ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਦੀ ਮੁਰਾਦਪੁਰ ਆਬਾਦੀ ਦੇ ਵਾਸੀ ਰੌਬਿਨਜੀਤ ਸਿੰਘ ਉਰਫ਼ ਰੌਬਿਨ, ਤਰਨ ਤਾਰਨ ਦੇ ਹੀ ਉਸਮਾਂ ਪਿੰਡ ਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ, ਗੁਰਦਾਸਪੁਰ ਦੇ ਕਲਾਨੌਰ ਵਾਸੀ ਨਵਜੋਤ ਸਿੰਘ ਉਰਫ਼ ਨਵ ਅਤੇ ਗੁਰਦਾਸਪੁਰ ਦੇ ਘੁੰਮਣ ਕਲਾਂ ਦੇ ਵਾਸੀ ਜਗਦੀਪ ਸਿੰਘ ਉਰਫ਼ ਜੱਗਾ ਵਜੋਂ ਹੋਈ ਹੈ। ਮੁਲਜ਼ਮਾਂ ਤੋਂ ਦੋ ਹੈਂਡ ਗ੍ਰਨੇਡ, ਅਤਿ-ਆਧੁਨਿਕ .30 ਬੋਰ ਪਿਸਤੌਲਾਂ ਦੇ ਨਾਲ-ਨਾਲ ਗੋਲਾ ਬਾਰੂਦ ਅਤੇ ਤਿੰਨ ਮੈਗਜ਼ੀਨ ਬਰਾਮਦ ਹੋਏ। ਪੁਲੀਸ ਨੇ ਅਪਰਾਧ ਵਿੱਚ ਵਰਤੀ ਗਈ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਹੌਂਡਾ ਸਿਵਿਕ ਕਾਰ ਵੀ ਜ਼ਬਤ ਕਰ ਲਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਡੀਐੱਸਪੀ (ਇਨਵੈਸਟੀਗੇਸ਼ਨ) ਰਜਿੰਦਰ ਮਨਹਾਸ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਤਰਨ ਤਾਰਨ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ। ਪੁਲੀਸ ਟੀਮ ਨੇ ਸਰਹਾਲੀ ਰੋਡ ਠੱਠੀਆਂ ਮਹੰਤਾਂ ਪਿੰਡ ਨੇੜੇ ਨਾਕੇ ’ਤੇ ਮੁਲਜ਼ਮਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਰੌਬਿਨ ਦੀ ਲੱਤ ਵਿੱਚ ਗੋਲੀ ਲੱਗ ਗਈ। ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਜਾਣਕਾਰੀ ਦੇ ਆਧਾਰ ਤੇ ਪੁਲੀਸ ਨੇ ਗੈਂਗ ਦੇ ਦੋ ਹੋਰ ਮੈਂਬਰਾਂ ਨਵਜੋਤ ਉਰਫ਼ ਨਵ ਅਤੇ ਜਗਦੀਪ ਉਰਫ਼ ਜੱਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।