ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਚਾਰ ਗੈਂਗਸਟਰ ਕਾਬੂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 11 ਅਕਤੂਬਰ
ਪੰਜਾਬ ਪੁਲੀਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਮੁਹਾਲੀ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਪਵਿੱਤਰ ਯੂਐੱਸਏ ਅਤੇ ਮਨਜਿੰਦਰ ਫਰਾਂਸ ਵੱਲੋਂ ਚਲਾਏ ਜਾ ਰਹੇ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ ਮੁੱਖ ਸਰਗਨੇ ਨਵਜੋਤ ਸਿੰਘ ਉਰਫ਼ ਜੋਤਾ ਅਤੇ ਰਾਜਸਥਾਨ ਆਧਾਰਿਤ ਤਿੰਨ ਹੋਰਾਂ ਨੂੰ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਆਸਿਫ਼, ਭਾਨੂ ਸਿਸੋਦੀਆ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ, ਇਹ ਸਾਰੇ ਰਾਜਸਥਾਨ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਦਾ ਪਿਛੋਕੜ ਅਪਰਾਧਿਕ ਹੈ, ਜਦੋਂਕਿ ਨਵਜੋਤ ਉਰਫ਼ ਜੋਤਾ ਖ਼ਿਲਾਫ਼ 21 ਪਰਚੇ ਦਰਜ ਹਨ। ਇਨ੍ਹਾਂ ਕੋਲੋਂ ਦੋ ਪਿਸਤੌਲਾਂ ਅਤਿ-ਆਧੁਨਿਕ ਆਟੋਮੈਟਿਕ .32 ਕੈਲੀਬਰ) ਅਤੇ ਅੱਠ ਰੌਂਦ ਬਰਾਮਦ ਹੋਏ ਹਨ।
ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਇਹ ਖੇਪ ਮੁਲਜ਼ਮ ਨਵਜੋਤ ਜੋਤਾ ਨੂੰ ਪਹੁੰਚਾਉਣੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋਤਾ ਨੂੰ ਉਸ ਦੇ ਵਿਦੇਸ਼ੀ ਸਾਥੀਆਂ ਵੱਲੋਂ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਏ ਇੱਕ ਗੈਂਗਸਟਰ ਅਤੇ ਇੱਕ ਟਰੈਵਲ ਏਜੰਟ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੈਂਕ ਡਕੈਤੀ ’ਚ ਲੋੜੀਂਦਾ ਗੈਗਸਟਰ ਮੁਕਾਬਲੇ ’ਚ ਜ਼ਖ਼ਮੀ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਬੈਂਕ ਡਕੈਤੀ ਦੇ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਅੱਜ ਇੱਥੇ ਦਰਗਾਹ ਬਾਬਾ ਸ਼ਾਹ ਹੁਸੈਨ ਨੇੜੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿੱਚ ਪੁਲੀਸ ਨੇ ਪਿੱਛਾ ਕਰ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਉਰਫ ਸ਼ੀਰੂ ਵਾਸੀ ਪਿੰਡ ਹੰਸਾਵਾਲ ਥਾਣਾ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਗੈਂਗਸਟਰ ਨੂੰ ਜ਼ਖ਼ਮੀ ਹਾਲਤ ਵਿੱਚ ਖਡੂਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਹ ਗੈਂਗਸਟਰ ਕੱਥੂਨੰਗਲ ਬੈਂਕ ਡਕੈਤੀ ਵਿੱਚ ਲੋੜੀਂਦਾ ਸੀ। ਪੁਲੀਸ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ। ਕੱਥੂਨੰਗਲ ਪੁਲੀਸ ਨੇ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਬਾਬਾ ਸ਼ਾਹ ਹੁਸੈਨ ਦੀ ਦਰਗਾਹ ਨੇੜੇ ਮੁਕਾਬਲੇ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਉਸ ਦੇ ਪੱਟ ਵਿੱਚ ਗੋਲੀ ਲੱਗੀ ਹੈ। ਘਟਨਾ ਸਥਾਨ ’ਤੇ ਮੌਜੂਦ ਕੱਥੂਨੰਗਲ ਥਾਣਾ ਮੁਖੀ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਕਸ਼ਮੀਰ ਸਿੰਘ ਸ਼ੀਰੂ ਬੈਂਕ ਡਕੈਤੀ ਵਿੱਚ ਸ਼ਾਮਲ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਵਾਪਰੀ ਘਟਨਾ ਸਬੰਧੀ ਐੱਫਆਈਆਰ ਦਰਜ ਕਰ ਲਈ ਗਈ ਹੈ। ਮੁਲਜ਼ਮ ਕੋਲੋਂ ਬਰਾਮਦਗੀ ਸਬੰਧੀ ਕੱਥੂਨੰਗਲ ਪੁਲੀਸ ਵਧੇਰੇ ਦੱਸ ਸਕਦੀ ਹੈ, ਜਿਸ ਬਾਬਤ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ।