ਵਿਆਹ ਤੋਂ ਮੁੜਦੇ ਚਾਰ ਦੋੋਸਤਾਂ ਦੀ ਹਾਦਸੇ ਵਿੱਚ ਮੌਤ
ਪੱਤਰ ਪ੍ਰੇਰਕ
ਟੋਹਾਣਾ, 7 ਮਾਰਚ
ਹਰੀਕੋਟ ’ਚ ਦੋਸਤ ਦੀ ਭੈਣ ਦੀ ਵਿਆਹ ਸਮਾਗਮ ’ਚੋਂ ਮੁੜ ਰਹੇ ਚਾਰ ਦੋਸਤਾਂ ਦੀ ਲੰਘੀ ਦੇਰ ਰਾਤ ਹਾਦਸੇ ’ਚ ਮੌਤ ਹੋ ਗਈ। ਇਹ ਹਾਦਸਾ ਉਨ੍ਹਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖਤ ਨਾਲ ਟਕਰਾਉਣ ਕਾਰਨ ਵਾਪਰਿਆ। ਚਾਰੋਂ ਲੜਕੇ 20 ਸਾਲ ਤੋਂ ਘੱਟ ਉਮਰ ਦੇ ਸਨ, ਜਿਨ੍ਹਾਂ ਦੀ ਪਛਾਣ ਨਿਖਿਲ, ਅੰਕੁਸ਼ ਤੇ ਹਿਤੇਸ਼ ਵਾਸੀ ਮੰਗਾਲੀ-ਸੂਰਤੀਆਂ ਅਤੇ ਸਾਹਿਲ ਵਾਸੀ ਹਰੀਕੋਟ ਵਜੋਂ ਦੱਸੀ ਗਈ ਹੈ।
ਜਾਣਕਾਰੀ ਮੁਤਾਬਕ ਉਕਤ ਚਾਰੋਂ ਜਣੇ ਨਿਖਿਲ ਦੀ ਕਾਰ ’ਤੇ ਆਪਣੇ ਜਮਾਤੀ ਦੀ ਭੈਣ ਦੇ ਵਿਆਹ ’ਤੇ ਪਿੰਡ ਹਰੀਕੋਟ ਨੇੜੇ ਪੈਂਦੇ ਇੱਕ ਮੈਰਿਜ ਪੈਲੇਸ ’ਚ ਗਏ ਸਨ। ਸਮਾਗਮ ਤੋਂ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਮੁਰੰਮਤ ਕੀਤੀ ਜਾ ਰਹੀ ਸੜਕ ਦੀ ਬੱਜਰੀ ਤੋਂ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ, ਜਿਸ ਕਾਰਨ ਨਿਖਿਲ, ਅੰਕੁਸ਼ ਤੇ ਹਿਤੇਸ਼ ਤੇ ਸਾਹਿਲ ਦੀ ਮੌਕੇ ’ਤੇ ਮੌਤ ਹੋ ਗਈ।
ਹਾਦਸੇ ਦੀ ਸੂੁਚਨਾ ਮਿਲਦੇ ਹੀ ਵਿਆਹ ਸਮਾਗਾਮ ਤੇ ਨੌਜਵਾਨਾਂ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਫੈਲ ਲਈ। ਮ੍ਰਿਤਕ ਨਿਖਲ ਦੇ ਤਾਏ ਬਲਬੀਰ ਨੇ ਦੱਸਿਆ ਕਿ ਨਿਖਿਲ ਨੇ ਦੋ ਦਿਨ ਬਾਅਦ ਬੇਲਾਰੂੁਸ ਪੜ੍ਹਨ ਵਾਸਤੇ ਜਾਣਾ ਸੀ। ਮ੍ਰਿਤਕ ਅੰਕੁਸ਼ ਤੇ ਸਾਹਿਲ ਆਪਣੇ ਮਾਪਿਆਂ ਦੇ ਇਕਲੌਤੇ ਬੇਟੇ ਸਨ। ਹਿਸਾਰ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਮ੍ਰਿਤਕ ਸਾਹਿਲ, ਅੰਕੁਸ਼ ਤੇ ਹਿਤੇਸ਼ ਦਾ ਸਸਕਾਰ ਹਰੀਕੋਟ ’ਚ ਸਸਕਾਰ ਕੀਤਾ ਗਿਆ।