ਗਾਜ਼ਾ ਹਮਲੇ ’ਚ ਚਾਰ ਬੱਚੇ ਹਲਾਕ
ਯੇਰੂਸ਼ਲਮ, 4 ਦਸੰਬਰ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਗਏ ਹਵਾਈ ਹਮਲੇ ’ਚ ਚਾਰ ਬੱਚਿਆਂ ਸਮੇਤ ਪੰਜ ਵਿਅਕਤੀ ਹਲਾਕ ਹੋ ਗਏ। ਹਮਲੇ ’ਚ 15 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਇਹ ਲੋਕ ਮੱਧ ਗਾਜ਼ਾ ’ਚ ਨੁਸਰਤ ਸ਼ਰਨਾਰਥੀ ਕੈਂਪ ਦੀ ਇਕ ਪਨਾਹਗਾਹ ਦੇ ਬਾਹਰ ਖੜ੍ਹੇ ਸਨ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ। ਉਧਰ ਲਿਬਨਾਨ ’ਚ ਗੋਲੀਬੰਦੀ ਦੇ ਬਾਵਜੂਦ ਇਜ਼ਰਾਇਲੀ ਫੌਜ ਵੱਲੋਂ ਮੁਲਕ ਦੇ ਦੱਖਣ ’ਚ ਹਮਲਾ ’ਚ ਕੀਤਾ ਗਿਆ ਜਿਸ ’ਚ ਇਕ ਆਜੜੀ ਮਾਰਿਆ ਗਿਆ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਿਜ਼ਬੁੱਲਾ ਵੱਲੋਂ ਗੋਲੀਬੰਦੀ ਦੀ ਉਲੰਘਣਾ ’ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਇਜ਼ਰਾਈਲ ਨੇ ਅਕਤੂਬਰ ’ਚ ਆਪਣੇ ਦੋ ਜਵਾਨਾਂ ਦੀ ਹੱਤਿਆ ਕਰਨ ਵਾਲੇ ਦੋ ਘੁਸਪੈਠੀਆਂ ਦੀਆਂ ਲਾਸ਼ਾਂ ਜੌਰਡਨ ਹਵਾਲੇ ਕਰ ਦਿੱਤੀਆਂ ਹਨ। ਦੋਵੇਂ ਅਤਿਵਾਦੀ 18 ਅਕਤੂਬਰ ਨੂੰ ਗੋਲੀਆਂ ਚਲਾਉਂਦੇ ਹੋਏ ਇਜ਼ਰਾਇਲੀ ਇਲਾਕੇ ’ਚ ਦਾਖ਼ਲ ਹੋਏ ਸਨ ਅਤੇ ਬਾਅਦ ’ਚ ਜਵਾਨਾਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ। ਹਿਜ਼ਬੁੱਲ੍ਹਾ ਨੇ ਗਾਜ਼ਾ ਪੱਟੀ ’ਚ ਜੰਗ ਲੜ ਰਹੇ ਹਮਾਸ ਅਤਿਵਾਦੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਪਿਛਲੇ ਸਾਲ ਇਜ਼ਰਾਈਲ ’ਤੇ ਰਾਕੇਟ, ਡਰੋਨਾਂ ਤੇ ਮਿਜ਼ਾਈਲਾਂ ਲਾਂਚ ਕਰਨੀਆਂ ਸ਼ੁਰੂ ਕੀਤੀਆਂ ਸਨ। ਗਾਜ਼ਾ ’ਚ ਜੰਗ ਉਸ ਸਮੇਂ ਸ਼ੁਰੂ ਹੋਈ ਜਦੋਂ ਹਮਾਸ ਦੀ ਅਗਵਾਈ ਹੇਠਲੇ ਅਤਿਵਾਦੀਆਂ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ’ਤੇ ਹਮਲਾ ਕੀਤਾ ਜਿਸ ਵਿੱਚ ਤਕਰੀਬਨ 1200 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 250 ਜਣਿਆਂ ਨੂੰ ਬੰਦੀ ਬਣਾ ਲਿਆ ਗਿਆ ਸੀ। -ਏਪੀ