ਪਰਵਾਸੀਆਂ ਦੇ ਘਰਾਂ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਚਾਰ ਕਾਬੂ
ਪੱਤਰ ਪ੍ਰੇਰਕ
ਜਲੰਧਰ, 5 ਜੁਲਾਈ
ਸਥਾਨਕ ਪੁਲੀਸ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਪਰਵਾਸੀਆਂ ਦੀ ਥਾਂ ਤੇ ਮਕਾਨਾਂ ’ਤੇ ਕਬਜ਼ਾ ਕਰਨ ਦੇ ਦੋਸ਼ ਵਿਚ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਅੱਜ ਦੇਰ ਸ਼ਾਮ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਵਾਸੀ ਮਹਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਵਿਅਕਤੀਅਾਂ ਨੇ ਉਸ ਦੀ ਬਸਤੀ ਗੂਜਾਂ ਵਿਚ ਸਥਿਤ ਕੋਠੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਸ ਨੂੰ ਵੇਚਣ ਲਈ ਪੁੱਡਾ ਦੇ ਦਫਤਰ ਵਿਚ ਐੱਨਓਸੀ ਲਈ ਅਪਲਾਈ ਕੀਤਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਮਨਜੀਤ ਕੌਰ ਪਤਨੀ ਤਰਲੋਚਣ ਸਿੰਘ ਅਤੇ ਉਸ ਦੇ ਪਤੀ ਤਰਲੋਚਣ ਸਿੰਘ ਵਾਸੀ ਗਾਰਡਨ ਇੰਨਕਲੇਵ ਜਲੰਧਰ, ਜਸਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਬੈਂਕ ਕਲੋਨੀ ਅਤੇ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕਰੋਲ ਬਾਗ ਜਲੰਧਰ ਨੂੰ ਕਾਬੂ ਕਰ ਉਨ੍ਹਾਂ ਪਾਸੋਂ ਉਕਤ ਕੋਠੀ ਦੇ ਜਾਅਲੀ ਤਿਆਰ ਕੀਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਨ੍ਹਾਂ ਵਿਰੁੱਧ ਥਾਣਾ ਨਵੀਂ ਬਾਰਾਦਰੀ ਵਿਚ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਲੰਧਰ ਵਿਚ ਹੀ ਹੋਰ ਬਹੁਤ ਪਰਵਾਸੀਆਂ ਕੋਠੀਆਂ ’ਤੇ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।