ਲੁੱਟ-ਖੋਹ ਕਰਨ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 27 ਮਈ
ਫਰੀਦਾਬਾਦ ਪੁਲੀਸ ਨੇ ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ 21 ਮਈ ਦੀ ਰਾਤ ਮੁਕੇਸ਼ ਕਲੋਨੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੂੰ ਮੁਲਾਜ਼ਮਾਂ ਵੱਲੋਂ ਆਪਣੀ ਕਾਰ ਵਿੱਚ ਅਗਵਾ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ। ਮੁਲਜ਼ਮਾਂ ਨੇ ਆਪਣੀ ਸਕਾਰਪੀਓ ਕਾਰ ਨਾਲ ਪੀੜਤ ਦੀ ਸਕੂਟੀ ਵਿੱਚ ਟੱਕਰ ਮਾਰ ਦਿੱਤੀ ਸੀ। ਸਕੂਟੀ ਤੋਂ ਡਿੱਗਣ ਮਗਰੋਂ ਉਹ ਪੀੜਤ ਨੂੰ ਆਪਣੀ ਕਾਰ ਵਿੱਚ ਅਗਵਾ ਕਰਕੇ ਗ੍ਰੇਟਰ ਨੋਇਡਾ ਲੈ ਗਏ। ਨੋਇਡਾ ’ਚ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਮੁਲਜ਼ਮ ਗੱਡੀ ਛੱਡ ਕੇ ਭੱਜ ਗਏ। ਸਥਾਨਕ ਪੁਲੀਸ ਅਸ਼ੋਕ ਨੂੰ ਕਾਰ ਰਾਹੀਂ ਹਸਪਤਾਲ ਲੈ ਗਈ, ਜਿਸ ਦੀ ਸੂਚਨਾ ਥਾਣਾ ਸਦਰ ਦੀ ਪੁਲੀਸ ਨੂੰ ਮਿਲੀ। ਬੱਲਭਗੜ੍ਹ ਵਿੱਚ ਮਾਮਲਾ ਦਰਜ ਕਰਕੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪੁਲੀਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਮਗਰੋਂ ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਉੱਚਾ ਪਿੰਡ ਨੇ ਮੁਲਜ਼ਮਾਂ ’ਚ ਚਰਨ ਸਿੰਘ, ਵਿੱਕੀ ਉਰਫ ਵਿਵੇਕ, ਅਨਿਲ ਅਤੇ ਭਾਰਤ ਨਾਗਰ ਉਰਫ ਭੱਲੂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁਲਜ਼ਮ ਚਰਨ ਸਿੰਘ (39) ਅਭੈਪੁਰ ਗੁਰੂਗ੍ਰਾਮ ਫਿਲਹਾਲ ਡਬੁੂਆ ਕਲੋਨੀ ਐਨ.ਆਈ.ਟੀ., ਮੁਲਜ਼ਮ ਵਿੱਕੀ ਉਰਫ਼ ਵਿਵੇਕ (20) ਪਿੰਡ ਕੋਟ ਫਰੀਦਾਬਾਦ, ਮੁਲਜ਼ਮ ਅਨਿਲ (36) ਪਿੰਡ ਕਿਵਾਨਾ ਪਾਣੀਪਤ, ਮੁਲਜ਼ਮ ਭਰਤ ਉਰਫ਼ ਭੱਲੂ (24) ਪਿੰਡ ਕਚੇੜਾ ਵਿੱਚ ਰਹਿੰਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਜਾਰੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।