ਧਾਰਮਿਕ ਭਾਵਨਾਵਾਂ ਭਡ਼ਕਾਉਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ/ਨਵੀਂ ਦਿੱਲੀ, 1 ਜੁਲਾਈ
ਪੁਲੀਸ ਨੇ ਦੋ ਵੱਖ ਵੱਖ ਥਾਈਂ ਮੱਝਾਂ ਦੇ ਕੱਟੇ ਅੰਗ ਮੰਦਰ ਨੇੜੇ ਰੱਖ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਸੀਪੀ ਐੱਨਆਈਟੀ ਨਰਿੰਦਰ ਕਾਦਿਆਨ ਅਤੇ ਏਸੀਪੀ ਐੱਨਆਈਟੀ ਮਹੇਸ਼ ਸਿਓਰਨ, ਏਸੀਪੀ ਕ੍ਰਾਈਮ ਅਮਨ ਯਾਦਵ ਅਤੇ ਡਬੂਆ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਦਰ ਨੇਡ਼ੇ ਕੁੱਝ ਕਿਸੇ ਜਾਨਵਰ ਦੇ ਟੁਕਡ਼ੇ ਪਏ ਹੋਏ ਹਨ। ਜਦੋਂ ਡਾਕਟਰਾਂ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਜਾਂਚ ਕੀਤੀ ਗਈ ਤਾਂ ਇਹ ਮੱਝਾਂ ਦਾ ਮਾਸ ਨਿਕਲਿਆ। ਇਸ ਦੌਰਾਨ ਪੁਲੀਸ ਨੇ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਦੇ ਝਾਂਸੇ ’ਚ ਨਾ ਆਉਣ ਦੀ ਅਪੀਲ ਕੀਤੀ ਹੈ। ਫਰੀਦਾਬਾਦ ਸਾਈਬਰ ਪੁਲੀਸ ਸੋਸ਼ਲ ਮੀਡੀਆ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਓਬੀਰੁਲ ਅਤੇ ਨਦੀਮ ਵਜੋਂ ਹੋਈ ਹੈ। ਦੋਵੇਂ ਵਾਸੀ ਪਿੰਡ ਬੜਖਲ੍ਹ ਦੇ ਰਹਿਣ ਵਾਲੇ ਹਨ। ਓਬੀਰੁਲ ਕੂੜਾ ਚੁੱਕਣ ਦਾ ਕੰਮ ਕਰਦਾ ਹੈ ਅਤੇ ਨਦੀਮ ਕਸਾਈ ਹੈ।
ਇਸੇ ਤਰ੍ਹਾਂ ਉੱਤਰ ਪੂਰਬੀ ਦਿੱਲੀ ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਨੂੰ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਪੁਲੀਸ ਥਾਣਾ ਇਲਾਕੇ ਵਿੱਚ ਇੱਕ ਸੜਕ ਕਿਨਾਰੇ ਮੱਝ ਦਾ ਕੱਟਿਆ ਹੋਇਆ ਸਿਰ ਮਿਲਣ ਮਗਰੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਸੀਪੀ ਉਤਰ ਪੂਰਬੀ ਨੇ ਕਿਹਾ ਕਿ 30 ਜੂਨ ਦੀ ਸ਼ਾਮ ਨੂੰ ਇੱਕ ਫੋਨ ਕਾਲ ਆਈ ਸੀ ਕਿ ਵੈਸਟ ਗੋਰਖਪਾਰਕ ਵਿੱਚ ਇੱਕ ਮੰਦਰ ਦੇ ਬਾਹਰ ਸੜਕ ’ਤੇ ਕੱਟਿਆ ਹੋਇਆ ਮੱਝ ਦਾ ਸਿਰ ਮਿਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।