ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਚਾਰ ਕਾਬੂ
ਐੱਨਪੀ ਧਵਨ
ਪਠਾਨਕੋਟ, 4 ਜਨਵਰੀ
ਹਲਕਾ ਭੋਆ ਅਧੀਨ ਪੈਂਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਭੱਟੀਆਂ ਵਿੱਚ ਪੁਲੀਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ 6 ਟਿੱਪਰ ਅਤੇ 2 ਜੇਸੀਬੀ ਮਸ਼ੀਨਾਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਦਲਬੀਰ ਸਿੰਘ, ਹਰਦੀਪ ਸਿੰਘ, ਗੁਲਸ਼ਨ ਕੁਮਾਰ ਅਤੇ ਹਰਜੀਤ ਸਿੰਘ ਵਾਸੀਆਨ ਨਰੋਟ ਜੈਮਲ ਸਿੰਘ ਵਜੋਂ ਹੋਈ ਹੈ ਜਦਕਿ ਉਨ੍ਹਾਂ ਦੇ ਸਾਥੀ 5 ਅਣਪਛਾਤੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਅਤੇ ਮਾਈਨਿੰਗ ਵਿਭਾਗ ਦੀ ਇਸ ਸਾਂਝੀ ਕਾਰਵਾਈ ਵਿੱਚ ਕੁੱਲ 9 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪੁਲੀਸ ਦੀ ਇਸ ਕਾਰਵਾਈ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਜਿੰਨੇ ਵੀ ਪੁਲੀਸ ਨੇ ਵਿਅਕਤੀ ਫੜੇ ਹਨ, ਉਹ ਸਾਰੇ ਦਿਹਾੜੀਦਾਰ ਹਨ। ਪੁਲੀਸ ਨੇ ਇਸ ਕਾਰਵਾਈ ਵਿੱਚ ਨਾ ਕਿਸੇ ਕਰੱਸ਼ਰ ਅਤੇ ਨਾ ਹੀ ਕਰੈਸ਼ਰ ਮਾਲਕ ਦਾ ਨਾਂ ਦੱਸਿਆ ਹੈ ਜਿਸ ਵੱਲੋਂ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀਸੀ ਪਠਾਨਕੋਟ ਅਤੇ ਸਰਕਾਰ ਨੂੰ ਆਦੇਸ਼ ਜਾਰੀ ਕੀਤਾ ਹੋਇਆ ਹੈ ਕਿ ਪਠਾਨਕੋਟ ਦੇ ਹਲਕਾ ਭੋਆ ਅਧੀਨ ਆਉਂਦੇ ਖੇਤਰ ਸ਼ਾਹਪੁਰਗੋਪੀ ਸਮੇਤ ਹੋਰ ਜਗ੍ਹਾ ਵਿੱਚ ਹੋਈ ਮਾਈਨਿੰਗ ਦੀ ਜਾਂਚ ਕਰਵਾ ਕੇ 16 ਜਨਵਰੀ ਤੱਕ ਰਿਪੋਰਟ ਭੇਜੀ ਜਾਵੇ ਜਦਕਿ ਅੱਜ ਜੋ ਪਿੰਡ ਭੱਟੀਆਂ ਵਿੱਚ ਨਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਸਰਹੱਦ ਤੋਂ ਮਾਤਰ 3 ਕਿਲੋਮੀਟਰ ਦੂਰੀ ਤੇ ਹੈ।