ਹਮਲਾ ਤੇ ਅਗਵਾ ਕਰਨ ਦੇ ਦੋਸ਼ ਹੇਠ ਚਾਰ ਕਾਬੂ
ਹਤਿੰਦਰ ਮਹਿਤਾ
ਜਲੰਧਰ, 26 ਅਗਸਤ
ਥਾਣਾ ਨੂਰਮਹਿਲ ਦੀ ਪੁਲੀਸ ਨੇ ਰਾਤ ਸਮੇਂ ਘਰ ਅੰਦਰ ਵੜ ਕੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਤੇ ਅਗਵਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਸਵਰਗੀ ਹਰਨੇਕ ਸਿੰਘ ਵਾਸੀ ਪਿੰਡ ਸ਼ਮਸ਼ਾਬਾਦ ਥਾਣਾ ਨੂਰਮਹਿਲ ਅਤੇ ਪਰਮਜੀਤ ਕੌਰ ਵਾਸੀ ਧਨੀ ਪਿੰਡ ਥਾਣਾ ਸਦਰ ਜਮਸ਼ੇਰ ਨੇ ਦੱਸਿਆ ਕਿ ਲੰਘੀ 21 ਅਗਸਤ ਨੂੰ ਉਹ, ਪਰਮਜੀਤ ਕੌਰ ਅਤੇ ਉਸ ਦੀ ਮਾਤਾ ਰਸ਼ਪਾਲ ਕੌਰ ਇੱਕ ਹੀ ਕਮਰੇ ਵਿੱਚ ਕੁੰਡੀ ਲਗਾ ਕੇ ਸੁੱਤੇ ਪਏ ਸਨ। ਇਸੇ ਦੌਰਾਨ ਨਿਸ਼ਾਨ ਸਿੰਘ, ਸਤਨਾਮ ਰਾਮ, ਦੋਸ਼ਾਤ ਮਹਿਰਾ ਤੇ ਹੋਰ ਜਬਰੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ। ਉਨ੍ਹਾਂ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਪਰੰਤ ਬਾਹਰ ਖੜ੍ਹੀ ਗੱਡੀ ਵਿੱਚ ਪਾ ਕੇ ਧਨੀ ਪਿੰਡ ਵਿੱਚ ਸਥਿਤ ਸਤਨਾਮ ਰਾਮ ਦੀ ਹਵੇਲੀ ਲੈ ਗਏ, ਜਿੱਥੇ ਤਰਸੇਮ ਸਿੰਘ ਵੀ ਆ ਗਿਆ। ਉੱਥੇ ਮੁਲਜ਼ਮਾਂ ਨੇ ਉਨ੍ਹਾਂ ਦੀਆਂ ਲੱਤਾ ਬਾਹਾਂ ਰੱਸੇ ਨਾਲ ਬੰਨ੍ਹ ਦਿੱਤੀਆਂ। ਪਰਮਜੀਤ ਕੌਰ ਨੂੰ ਵੀ ਦੂਜੀ ਗੱਡੀ ਵਿੱਚ ਪਾ ਕੇ ਉਹ ਆਪਣੇ ਘਰ ਲੈ ਗਏ ਜਿੱਥੇ ਉਸ ਨੂੰ ਬੰਦ ਕਰ ਦਿੱਤਾ ਗਿਆ। ਕੁੱਝ ਸਮੇਂ ਬਾਅਦ ਉਸ ਦੀ ਮਾਤਾ ਰਸ਼ਪਾਲ ਕੌਰ ਪਿੰਡ ਦੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਦੋਹਾਂ ਦੀ ਭਾਲ ਕਰਦੀ ਹੋਈ ਸਤਨਾਮ ਰਾਮ ਦੀ ਹਵੇਲੀ ਧਨੀ ਪਿੰਡ ਪਹੁੰਚੀ, ਜਿੱਥੇ ਉਨ੍ਹਾਂ ਦੋਹਾਂ ਨੂੰ ਛੁਡਾ ਕੇ ਸਿਵਲ ਹਸਪਤਾਲ ਨੂਰਮਹਿਲ ਦਾਖਲ ਕਰਵਾਇਆ ਗਿਆ। ਪੁਲੀਸ ਨੇ ਸਤਨਾਮ ਰਾਮ ਵਾਸੀ ਧਨੀ ਪਿੰਡ, ਦੁਸ਼ਾਂਤ ਮਹਿਰਾ ਵਾਸੀ ਧਨੀ ਪਿੰਡ, ਮੁਹੰਮਦ ਸਲਾਮੂ ਉਰਫ ਆਲਮ ਵਾਸੀ ਬਾਵਨ ਹਾਲ ਵਾਸੀ ਰੁੜਕਾਂ ਕਲਾਂ ਥਾਣਾ ਗੁਰਾਇਆ, ਤਰਸੇਮ ਸਿੰਘ ਵਾਸੀ ਸ਼ਮਸ਼ਾਬਾਦ ਥਾਣਾ ਨੂਰਮਹਿਲ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਅਤੇ ਸਵਿਫਟ ਡਿਜ਼ਾਇਰ ਗੱਡੀ ਬਰਾਮਦ ਕਰ ਲਈ ਹੈ।