ਹਥਿਆਰਾਂ ਤੇ ਨਸ਼ਾ ਤਸਕਰੀ ਦੇ ਦੋਸ਼ ਹੇਠ ਚਾਰ ਕਾਬੂ
ਪੱਤਰ ਪ੍ਰੇਰਕ
ਜਲੰਧਰ, 27 ਅਕਤੂਬਰ
ਸਥਾਨਕ ਪੁਲੀਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਰੋਹ ਸੂਬੇ ਵਿੱਚ ਸਰਗਰਮ ਸੀ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਲਈ ਯੋਜਨਾ ਬਣਾ ਰਿਹਾ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਹੈਬੋਵਾਲ ਥਾਣਾ ਗੜ੍ਹਸ਼ੰਕਰ, ਗੁਰਭੇਜ ਸਿੰਘ ਵਾਸੀ ਪਿੰਡ ਗੁਦਾਰਾ ਫਿਰੋਜ਼ਪੁਰ, ਸਤਿੰਦਰ ਸਿੰਘ (ਉਰਫ਼ ਕਾਲਾ) ਵਾਸੀ ਪਿੰਡ ਪਲਾਹੀ ਹੁਸ਼ਿਆਰਪੁਰ ਅਤੇ ਭਰਤ ਉਰਫ਼ ਭਾਊ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਲਖਵਿੰਦਰ ਸਿੰਘ, ਹਰਸ਼ਦੀਪ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ, ਜੋ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਵੀ ਸ਼ਾਮਲ ਸੀ। ਉਹ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਗੁਰਭੇਜ ਸਿੰਘ ਤੋਂ ਹਥਿਆਰ ਪ੍ਰਾਪਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਕੇਸ ਅਤੇ ਅਜਨਾਲਾ ਪੁਲੀਸ ਸਟੇਸ਼ਨ ਹਮਲੇ ਦੇ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਦੀ ਮੁਲਾਕਾਤ ਲਖਵਿੰਦਰ ਸਿੰਘ ਉਰਫ਼ ਲੱਖੀ ਨਾਲ ਹੋਈ। ਮੁਲਜ਼ਮਾਂ ਖਿਲਾਫ਼ ਥਾਣਾ ਨਿਊ ਬਾਰਾਦਰੀ ਸੀਪੀ ਜਲੰਧਰ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਬੋਰ ਦੇ ਦਸ ਤੇ .315 ਬੋਰ ਦੇ ਅੱਠ ਕਾਰਤੂਸ ਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।