ਜਿਮ ਮਾਲਕ ਦੀ ਹੱਤਿਆ ਸਬੰਧੀ ਦੋ ਮਹਿਲਾਵਾਂ ਸਣੇ ਚਾਰ ਗ੍ਰਿਫ਼ਤਾਰ
ਨਵੀਂ ਦਿੱਲੀ, 24 ਜੁਲਾਈ
ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ 28 ਸਾਲਾ ਜਿਮ ਮਾਲਕ ਦੀ ਚਾਕੂ ਨਾਲ ਹੱਤਿਆ ਕੀਤੇ ਜਾਣ ਦੇ ਦੋ ਹਫ਼ਤਿਆਂ ਮਗਰੋਂ ਅੱਜ ਇਸ ਮਾਮਲੇ ਸਬੰਧੀ ਦੋ ਮਹਿਲਾਵਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ’ਚ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲੀਸ ਅਨੁਸਾਰ ਜਿਮ ਅਤੇ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਨ ਵਾਲੇ ਸੁਮਿਤ ਚੌਧਰੀ ਉਰਫ਼ ਪ੍ਰੇਮ ’ਤੇ 10 ਜੁਲਾਈ ਨੂੰ ਗਾਮੜੀ ਐਕਸਟੈਂਸ਼ਨ ਸਥਿਤ ਉਸ ਦੇ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ। ਉਸ ’ਤੇ ਚਾਕੂ ਨਾਲ ਘੱਟੋ-ਘੱਟ 17 ਵਾਰ ਕੀਤੇ ਗਏ ਸੀ, ਜਿਸ ਕਾਰਨ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ ਸੀ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ ਪੂਰਬੀ) ਜੌਏ ਟਿਰਕੀ ਨੇ ਦੱਸਿਆ ਕਿ ਪੁਲੀਸ ਨੇ ਅੱਜ ਇਸ ਮਾਮਲੇ ’ਚ ਦੋ ਮਹਿਲਾਵਾਂ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਕਰਤਾਰ ਸਿੰਘ (33) ਵਜੋਂ ਹੋਈ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਹੱਤਿਆ ਦਾ ਇੱਕ ਕੇਸ ਦਰਜ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਮੁਲਜ਼ਮ ਦੀ ਪਛਾਣ ਹੁਸੈਨ ਅਲੀ (20) ਵਜੋਂ, ਜਦਕਿ ਮੁਲਜ਼ਮਾਂ ਨੂੰ ਭਜਾਉਣ ਵਿੱਚ ਮਦਦ ਕਰਨ ਵਾਲੀਆਂ ਦੋ ਮਹਿਲਾਵਾਂ ਦੀ ਪਛਾਣ ਸ਼ਾਇਨਾ (36) ਅਤੇ ਆਸ਼ੂ (38) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਭਜਨਪੁਰਾ ਇਲਾਕੇ ਦੇ ਵਾਸੀ ਹਨ। ਉਨ੍ਹਾਂ ਕਿਹਾ ਕਿ ਹੱਤਿਆ ਪਿੱਛੇ ਪੁਰਾਣੀ ਰੰਜਿਸ਼ ਦਾ ਸ਼ੱਕ ਹੈ, ਹਾਲਾਂਕਿ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।
ਅਧਿਕਾਰੀ ਨੇ ਦੱਸਿਆ ਕਿ ਸਲਮਾਨ ਉਰਫ਼ ਸੱਲੂ (21) ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਸ ਨੇ ਕਥਿਤ ਤੌਰ ’ਤੇ ਚੌਧਰੀ ’ਤੇ ਚਾਕੂ ਨਾਲ ਹਮਲਾ ਕੀਤਾ ਸੀ। -ਪੀਟੀਆਈ