For the best experience, open
https://m.punjabitribuneonline.com
on your mobile browser.
Advertisement

ਨਸ਼ਾ ਸਪਲਾਈ ਕਰਨ ਦੇ ਦੋ ਮਾਮਲਿਆਂ ’ਚ ਮਹਿਲਾ ਸਣੇ ਚਾਰ ਗ੍ਰਿਫ਼ਤਾਰ

09:37 AM Aug 05, 2023 IST
ਨਸ਼ਾ ਸਪਲਾਈ ਕਰਨ ਦੇ ਦੋ ਮਾਮਲਿਆਂ ’ਚ ਮਹਿਲਾ ਸਣੇ ਚਾਰ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿੱਕੀ ਘਾਰੂ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 4 ਅਗਸਤ
ਚੰਡੀਗੜ੍ਹ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਮਹਿਲਾ ਸਣੇ ਚਾਰ ਮੁਲਜ਼ਮਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇੱਥੇ ਅੱਜ ਚੰਡੀਗੜ੍ਹ ਪੁਲੀਸ ਦੇ ਹੈੱਡਕੁਆਰਟਰ ਵਿੱਚ ਐੱਸਐੱਸਪੀ ਕੰਵਰਦੀਪ ਕੌਰ ਨੇ ਇੱਕ ਪ੍ਰੇਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋ ਵੱਖ-ਵੱਖ ਮਾਮਲਿਆਂ ਵਿੱਚ ਇਕ ਮਹਿਲਾ ਸਣੇ ਚਾਰ ਮੁਲਜ਼ਮਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਵਸਨੀਕ ਨੂੰ ਚੰਡੀਗੜ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਠਾਕੁਰ ਵਜੋਂ ਹੋਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਆਸ਼ੀਸ਼ ਠਾਕੁਰ ਨੇ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਦੇ ਪਿਤਾ ਸੀਆਈਐੱਸਐੱਫ ’ਚੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਆਸ਼ੀਸ਼ ਠਾਕੁਰ ’ਤੇ ਮੁਹਾਲੀ ਵਿੱਚ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਹੈ ਅਤੇ ਉਸ ਕੇਸ ਵਿੱਚ ਉਹ ਜ਼ਮਾਨਤ ’ਤੇ ਚੱਲ ਰਿਹਾ ਹੈ। ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਗਈ ਪੁੱਛਗਿਛ ਵਿੱਚ ਸਾਹਮਣੇ ਆਇਆ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਵਸਨੀਕ ਸਾਵਨ ਬੋਧ ਨਾਮ ਦੇ ਵਿਅਕਤੀ ਤੋਂ ਚਰਸ ਲਿਆ ਕੇ ਚੰਡੀਗੜ੍ਹ ਵਿੱਚ ਸਪਲਾਈ ਕਰਦਾ ਸੀ। ਪੁਲੀਸ ਨੇ ਮੁਲਜ਼ਮ ਆਸ਼ੀਸ਼ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਸਾਵਨ ਬੋਧ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮ ਸਾਵਨ ਬੋਧ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਚੰਡੀਗੜ੍ਹ ਦੇ ਹੀ ਲਗਪਗ ਅੱਧਾ ਦਰਜਨ ਹੋਰ ਨਸ਼ਾ ਤਸਕਰਾਂ ਨੂੰ ਚਰਸ ਦੀ ਸਪਲਾਈ ਦਿੰਦਾ ਸੀ। ਪੁਲੀਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਦੂਸਰੇ ਮਾਮਲੇ ਵਿੱਚ ਪੁਲੀਸ ਨੇ ਇੱਕ ਹੋਰ ਮੁਲਜ਼ਮ ਨਿਸ਼ਾਂਤ ਗੋਇਲ ਵਾਸੀ ਸੈਕਟਰ 21, ਚੰਡੀਗੜ੍ਹ ਨੂੰ 62 ਗਰਾਮ ਹੇਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨਸ਼ਾ ਤਸਕਰੀ ਤੋਂ ਮਿਲਣ ਵਾਲੇ ਪੈਸੇ ਆਪਣੀ ਇੱਕ ਮਹਿਲਾ ਸਾਥੀ ਦੇ ਖਾਤੇ ਵਿੱਚ ਟਰਾਂਸਫਰ ਕਰਵਾਉਂਦਾ ਸੀ ਤੇ ਬਾਅਦ ਵਿੱਚ ਇਹ ਪੈਸੇ ਲੈ ਲੈਂਦਾ ਸੀ। ਮੁਲਜ਼ਮ ਨਿਸ਼ਾਂਤ ਦੀ ਇਸ ਮਹਿਲਾ ਸਾਥੀ ਦੀ ਪਛਾਣ ਦੀਕਸ਼ਾ ਕੁਮਾਰੀ ਵਾਸੀ ਮੁਹਾਲੀ ਵਜੋਂ ਹੋਈ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨਿਸ਼ਾਂਤ ਦੀ ਮਹਿਲਾ ਸਾਥੀ ਦੀਕਸ਼ਾ ਕੁਮਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨਿਸ਼ਾਂਤ ਖ਼ਿਲਾਫ਼ ਪਹਿਲਾਂ ਵੀ ਪੰਜ ਕੇਸ ਚੱਲ ਰਹੇ ਹਨ। ਉਸ ਦੀ ਮਹਿਲਾ ਸਾਥੀ ਦਾ ਪਤੀ ਵੀ ਨਸ਼ਾ ਤਸਕਰੀ ਦੇ ਦੋਸ਼ ਹੇਠ ਜੇਲ੍ਹ ਵਿੱਚ ਹੈ ਜਿਸ ਨੂੰ ਮੁਹਾਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਪੁਲੀਸ ਨਾਲ ਰਾਬਤਾ ਕਾਇਮ ਕਰ ਕੇ ਦੀਕਸ਼ਾ ਕੁਮਾਰੀ ਦੇ ਪਤੀ ਕੋਲੋਂ ਵੀ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਦੋਵੇਂ ਨਸ਼ਾ ਤਸਕਰਾਂ ਦੇ ਸਬੰਧਾਂ ਬਾਰੇ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਅਗਲੇਰੀ ਜਾਂਚ ਵਿੱਚ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

Advertisement

ਲਾਲੜੂ ਪੁਲੀਸ ਨੇ 24 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਣੇ ਤਿੰਨ ਕਾਬੂ ਕੀਤੇ

ਲਾਲੜੂ (ਸਰਬਜੀਤ ਸਿੰਘ ਭੱਟੀ): ਲਾਲੜੂ ਪੁਲੀਸ ਨੇ ਕਰੀਬ 24 ਲੱਖ ਰੁਪਏ ਕੀਮਤ ਦੀਆਂ ਨਸ਼ੀਲੀ ਦਵਾਈਆਂ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਦਵਾਈਆਂ ਵਿੱਚ ਨਸ਼ੇ ਦੇ 9150 ਟੀਕੇ ਅਤੇ 5,47,300 ਗੋਲੀਆਂ ਸ਼ਾਮਲ ਹਨ। ਇਹ ਕਾਰਵਾਈ ਡਰੱਗ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਕੀਤੀ ਗਈ। ਥਾਣਾ ਮੁਖੀ ਅਜਿਤੇਸ਼ ਕੌਸ਼ਲ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਆਲਮਗੀਰ ਮੋੜ ’ਤੇ ਨਾਕਾ ਲਾਇਆ ਹੋਇਆ ਸੀ। ਜਿਸ ਦੌਰਾਨ ਇੱਕ ਗੱਡੀ ਨੰਬਰ ਪੀਬੀ65ਬੀਡੀ- 4003 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਗੱਤੇ ਦੀਆਂ ਕੁਝ ਬੰਦ ਪੇਟੀਆਂ ਬਰਾਮਦ ਹੋਈਆਂ ਜਿਨ੍ਹਾਂ ਬਾਰੇ ਗੱਡੀ ਸਵਾਰ ਜਤਿਨ ਖੰਨਾ, ਤੁਸ਼ਾਰ ਖੰਨਾ ਵਾਸੀ ਉੜਮੁੜ (ਹੁਸ਼ਿਆਰਪੁਰ) ਹਾਲ ਵਾਸੀ ਜ਼ੀਰਕਪੁਰ ਅਤੇ ਰਾਹੁਲ ਕੁਮਾਰ ਵਾਸੀ ਨਨਹੇੜਾ ਗੁਜ਼ਰ (ਸਹਾਰਨਪੁਰ) ਕਿਰਾਏਦਾਰ ਝਰਮੜੀ (ਲਾਲੜੂ) ਕੋਈ ਬਿੱਲ ਪੇਸ਼ ਨਹੀਂ ਕਰ ਸਕੇ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਆਲਮਗੀਰ ਨੇੜੇ ਉਨ੍ਹਾਂ ਦੇ ਕਮਰੇ ਵਿੱਚ ਗੋਲੀਆਂ ਦੀਆਂ ਪੇਟੀਆਂ ਪਈਆਂ ਹਨ ਜਿਸ ਦੀ ਡਰੱਗ ਇੰਸਪੈਕਟਰ ਸੁਖਵੀਰ ਚੰਦ ਤੇ ਜੈਕਾਰ ਸਿੰਘ ਦੀ ਮੌਜੂਦਗੀ ਤਲਾਸ਼ੀ ਲਈ ਗਈ। ਕਮਰੇ ਵਿੱਚੋਂ 9150 ਟੀਕੇ ਅਤੇ 547300 ਗੋਲੀਆਂ ਸਣੇ ਸੀਲਿੰਗ ਮਸ਼ੀਨ, ਖਾਲੀ ਕੈਪਸੂਲ ਤੇ ਪੈਕਿੰਗ ਸਮੱਗਰੀ ਵੀ ਬਰਾਮਦ ਹੋਈ ਹੈ। ਇਨ੍ਹਾਂ ਦੀ ਕੀਮਤ ਲਗਪਗ 24 ਲੱਖ ਰੁਪਏ ਦੱਸੀ ਜਾ ਰਹੀ ਹੈ। ਸਬੰਧਤ ਵਿਅਕਤੀ ਕੋਈ ਲਾਇਸੈਂਸ ਜਾਂ ਪਰਮਿਟ ਵੀ ਨਹੀਂ ਦਿਖਾ ਸਕੇ। ਮੌਕੇ ’ਤੇ ਪੁੱਜੇ ਡਰੱਗ ਇੰਸਪੈਕਟਰ ਨੇ ਦਵਾਈਆਂ ਦੇ ਸੈਂਪਲ ਲੈ ਲਏ ਤੇ ਨਿਰੀਖਣ ਲਈ ਭੇਜ ਦਿੱਤੇ ਹਨ। ਰਿਪੋਰਟ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Author Image

Advertisement
Advertisement
×