ਰਣਜੀਤ ਐਵੇਨਿਊ ਵਿੱਚੋਂ ਕਾਰ ਖੋਹਣ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ
ਅੰਮ੍ਰਤਿਸਰ (ਜਗਤਾਰ ਸਿੰਘ ਲਾਂਬਾ): ਰਣਜੀਤ ਐਵੇਨਿਊ ਇਲਾਕੇ ਵਿੱਚੋਂ ਇੱਕ ਨੌਜਵਾਨ ਕੋਲੋਂ ਕਾਰ ਖੋਹਣ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਸਾਹਿਲ ਗਿੱਲ, ਗੁਰਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਰਾਜਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਖੋਹੀ ਹੋਈ ਕਾਰ ਸਮੇਤ ਘਟਨਾ ਵੇਲੇ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਮਾਮਲਾ ਪੰਜ ਨਵੰਬਰ ਦਾ ਹੈ। ਇਸ ਸਬੰਧੀ ਅੰਕੁਸ਼ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਸੀ ਕਿ ਉਹ ਦੁਪਹਿਰ ਵੇਲੇ ਰਣਜੀਤ ਐਵੀਨਿਊ ਰੋਟੀ ਖਾਣ ਆਇਆ ਸੀ। ਉਹ ਰਣਜੀਤ ਐਵਨਿਊ ਡੀ ਬਲਾਕ ਦੇ ਬਾਹਰ ਇੱਕ ਰੈਸਟੋਰੈਂਟ ਵਿੱਚ ਰੋਟੀ ਖਾ ਰਿਹਾ ਸੀ ਤਾਂ ਇਸ ਦੌਰਾਨ ਚਾਰ ਨੌਜਵਾਨ ਆਏ ਅਤੇ ਉਸ ਨਾਲ ਗੱਲਾਂ ਕਰਨ ਲੱਗ ਪਏ। ਇਸ ਦੌਰਾਨ ਅੰਕੁਸ਼ ਜਦੋਂ ਰੋਟੀ ਦਾ ਬਿੱਲ ਦੇਣ ਲਈ ਕਾਊਂਟਰ ’ਤੇ ਗਿਆ ਤਾਂ ਆਪਣੀ ਕਾਰ ਖੁੱਲ੍ਹੀ ਛੱਡ ਗਿਆ ਪਰ ਕਾਰ ਦੀ ਚਾਬੀ ਉਸ ਕੋਲ ਸੀ। ਇਸ ਦੌਰਾਨ ਚਾਰੋਂ ਨੌਜਵਾਨ ਉਸ ਦੀ ਕਾਰ ਲੈ ਕੇ ਭੱਜ ਗਏ ਪਰ ਕਾਰ ਵਿੱਚ ਲੱਗੇ ਹੋਏ ਸੈਂਸਰ ਕਾਰਨ ਉਨ੍ਹਾਂ ਨੂੰ ਕਾਰ ਦੀ ਚਾਬੀ ਲੈਣ ਵਾਸਤੇ ਵਾਪਸ ਰੈਸਟੋਰੈਂਟ ਆਉਣਾ ਪਿਆ ਜਿੱਥੇ ਉਨ੍ਹਾਂ ਕਾਰ ਮਾਲਕ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਚਾਬੀ ਖੋਹ ਕੇ ਮੁੜ ਕਾਰ ਲੈ ਕੇ ਭੱਜ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।