ਭਜਨਪੁਰਾ ’ਚ ਪੁਲੀਸ ਮੁਲਾਜ਼ਮ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ
ਨਵੀਂ ਦਿੱਲੀ, 31 ਜਨਵਰੀ
ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਕਥਿਤ ‘ਰੋਡ ਰੇਜ’ ਮਾਮਲੇ ਵਿੱਚ ਦਿੱਲੀ ਪੁਲੀਸ ਦੇ ਇੱਕ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ’ਤੇ ਚਾਰ- ਪੰਜ ਜਣਿਆਂ ਨੇ ਹਮਲਾ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਲਗਪਗ 12.30 ਵਜੇ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਬਿਆਨ ਵਿੱਚ ਕਿਹਾ, ‘‘ਭਜਨਪੁਰਾ ਵਿੱਚ ਇੱਕ ਪੁਲੀਸ ਅਧਿਕਾਰੀ ’ਤੇ ਹਮਲਾ ਕਰਨ ਵਾਲੇ ਚਾਰ-ਪੰਜ ਜਣਿਆਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਭਜਨਪੁਰਾ ਥਾਣੇ ਵਿੱਚ ਤਾਇਨਾਤ ਅਤੇ ਇਸ ਸਮੇਂ ਚੋਣ ਡਿਊਟੀ ਲਈ ‘ਸਟੈਟਿਕ ਸਰਵੇਲੈਂਸ ਟੀਮ’ (ਐੱਸਐੱਸਟੀ) ਵਿੱਚ ਤਾਇਨਾਤ ਅਧਿਕਾਰੀ ’ਤੇ ਦੇਰ ਰਾਤ ਘਰ ਪਰਤਣ ਸਮੇਂ ਹਮਲਾ ਕੀਤਾ ਗਿਆ।’’
ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਬ-ਇੰਸਪੈਕਟਰ ਆਪਣੇ ਦੁਪਹੀਆ ਵਾਹਨ ’ਤੇ ਸਵਾਰ ਹੋ ਕੇ ਇੱਕ ਤੰਗ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਅੱਗੇ ਜਾ ਰਹੀ ਕਾਰ ਕਾਰਨ ਫਸ ਗਿਆ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਉਸ ਨੇ (ਸਬ-ਇੰਸਪੈਕਟਰ) ਨਿਮਰਤਾ ਨਾਲ ਰਾਹ ਛੱਡਣ ਲਈ ਕਿਹਾ, ਪਰ ਚਾਰ ਜਿਆਂ ਨੇ ਅਧਿਕਾਰੀ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ, ਉਸਨੂੰ ਕੋਈ ਜਾਨਲੇਵਾ ਸੱਟ ਨਹੀਂ ਲੱਗੀ। ਮਾਮਲੇ ਦੀ ਜਾਂਚ ਜਾਰੀ ਹੈ।’’ ਸਬੰਧਤ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਡਿਊਟੀ ਤੋਂ ਬਾਅਦ ਘਰ ਪਰਤ ਰਿਹਾ ਸੀ। ਅਧਿਕਾਰੀਆਂ ਅਨੁਸਾਰ ਇਸ ਘਟਨਾ ਸਬੰਧੀ ਭਜਨਪੁਰਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਚਾਰ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ