‘ਆਪ’ ਆਗੂ ਦੇ ਕਤਲ ਮਾਮਲੇ ’ਚ ਚਾਰ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 7 ਅਕਤੂਬਰ
ਇੱਥੋਂ ਦੀ ਪੁਲੀਸ ਨੇ ਮਹੀਨਾ ਪਹਿਲਾਂ ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿਚ ਆਮ ਆਦਮੀ ਪਾਰਟੀ ਦੇ ਆਗੂ ਬਚਿੱਤਰਜੀਤ ਸਿੰਘ ਉਰਫ ਬਿੱਕਰ ਸਿੰਘ ਵਾਸੀ ਚੌਧਰੀਵਾਲਾ (ਨੌਸ਼ਹਿਰਾ ਪੰਨੂਆਂ) ਦੀ ਹੱਤਿਆ ਕਰਨ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ| ਇਨ੍ਹਾਂ ਮੁਲਜ਼ਮਾਂ ਵਿੱਚ ਨਾਬਾਲਗ ਵੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਪ੍ਰਭਜੀਤ ਸਿੰਘ ਸੈਫੀ ਵਾਸੀ ਨੌਸ਼ਹਿਰਾ ਪੰਨੂਆਂ, ਰਣਦੀਪ ਸਿੰਘ ਵਾਸੀ ਝੁੱਗੀਆਂ ਕਾਲੂ (ਥਾਣਾ ਸਦਰ ਪੱਟੀ), ਗੁਰਪ੍ਰੀਤ ਸਿੰਘ ਗੋਰਾ ਵਾਸੀ ਝੁੱਗੀਆਂ ਕਾਲੂ ਤੇ ਨਾਬਾਲਗ ਸ਼ਾਮਲ ਹਨ| ਇਸ ਸਬੰਧੀ ਸਰਹਾਲੀ ਪੁਲੀਸ ਨੇ ਕੇਸ ਪਹਿਲਾਂ ਦਾ ਹੀ ਦਰਜ ਕੀਤਾ ਹੋਇਆ ਹੈ| ਬਿੱਕਰ ਦੀ ਪਿੰਡ ਦੇ ਅੱਡੇ ’ਤੇ ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ| ਬਿੱਕਰ ਨੂੰ ਗੋਲੀਆਂ ਮਾਰਨ ਦੀ ਵਾਰਦਾਤ ਵਿਚ ਗੁਰਪ੍ਰੀਤ ਸਿੰਘ ਗੋਰਾ ਤੇ ਇਕ ਹੋਰ ਸ਼ਾਮਲ ਸਨ। ਐੱਸਐੱਸਪੀ ਨੇ ਕਿਹਾ ਇਹ ਕਤਲ ਨਿੱਜੀ ਰੰਜ਼ਿਸ਼ ਕਰ ਕੇ ਕੀਤਾ ਗਿਆ ਸੀ| ਪੁਲੀਸ ਨੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਗੁਰਪ੍ਰੀਤ ਸਿੰਘ ਤੋਂ ਬਰਾਮਦ ਕਰ ਲਿਆ ਹੈ| ਪੁਲੀਸ ਨੇ ਗੋਲੀਆਂ ਚਲਾਉਣ ਵਾਲਾ ਹੋਰ ਹਮਲਾਵਰ ਜਿਹੜਾ ਮੋਟਰਸਾਈਕਲ ’ਤੇ ਗੁਰਪ੍ਰੀਤ ਸਿੰਘ ਦੇ ਪਿੱਛੇ ਬੈਠਾ ਸੀ, ਨੂੰ ਹਾਲੇ ਗ੍ਰਿਫਤਾਰ ਕਰਨਾ ਹੈ| ਐੱਸਐੱਸਪੀ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਅਤੇ ਨਾਬਾਲਗ ਨੇ ਬਿੱਕਰ ਦੀ ਰੇਕੀ ਕੀਤੀ ਸੀ ਅਤੇ ਰਣਦੀਪ ਸਿੰਘ ਨੇ ਸ਼ੂਟਰ ਨੂੰ ਆਪਣੇ ਘਰ ਪਨਾਹ ਦਿੱਤੀ ਸੀ|