ਪੁਰਾਣੀ ਦਿੱਲੀ ’ਚ ਵਪਾਰੀ ਤੋਂ ਸਾਢੇ ਚਾਰ ਲੱਖ ਲੁੱਟੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਪੁਰਾਣੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ‘ਚ ਇੱਕ ਵਪਾਰੀ ਤੋਂ ਲੁਟੇਰਿਆਂ ਨੇ ਸਾਢੇ ਚਾਰ ਲੱਖ ਰੁਪਏ ਲੁੱਟ ਲਏ। ਪੁਲੀਸ ਨੇ ਬੁੱਧਵਾਰ ਨੂੰ ਦੱਸਿਆ ਕਿ ਉੱਤਰੀ ਦਿੱਲੀ ਦੇ ਕਸ਼ਮੀਰੀ ਗੇਟ ਖੇਤਰ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਕਾਰੋਬਾਰੀ ਤੋਂ ਕਥਿਤ ਤੌਰ ‘ਤੇ 4.5 ਲੱਖ ਰੁਪਏ ਲੁੱਟ ਲਏ। ਪੁਲੀਸ ਮੁਤਾਬਕ ਪੀੜਤ ਨੇ ਕੱਲ੍ਹ ਯੁਧਿਸ਼ਠਿਰ ਸੇਤੂ ਫਲਾਈਓਵਰ ‘ਤੇ ਫੋਨ ਸੁੁਣਨ ਲਈ ਆਪਣੀ ਗੱਡੀ ਰੋਕੀ ਤਾਂ ਮੁਲਜ਼ਮ ਸਕੂਟੀ ‘ਤੇ ਆਏ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਕਾਰੋਬਾਰੀ ਪੂਰਬੀ ਦਿੱਲੀ ਦੇ ਸ਼ਾਹਦਰਾ ਦਾ ਰਹਿਣ ਵਾਲਾ ਹੈ।
ਦਿੱਲੀ ਵਿੱਚ ਪਿਛਲੇ 10 ਦਿਨਾਂ ਵਿੱਚ ਲੁੱਟ ਦੀ ਇਹ ਤੀਜੀ ਵਾਰਦਾਤ ਹੈ। ਬੀਤੇ ਕੱਲ੍ਹ ਦਿੱਲੀ ਪੁੁਲੀਸ ਨੇ ਵੀ ਗਲੀਆਂ ਵਿੱਚ ਹੁੰਦੇ ਅਪਰਾਧ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਵਾਰਦਾਤਾਂ ਲਗਾਤਾਰ ਜਾਰੀ ਹਨ। ਕ੍ਰਾਈਮ ਨੂੰ ਰੋਕਣ ਲਈ ਸਖਤ ਨਿਗਰਾਨੀ ਰੱਖਣ ਲਈ ਸੀਨੀਅਰ ਅਧਿਕਾਰੀਆਂ ਨੇ ਪੁਲੀਸ ਟੀਮਾਂ ਨਾਲ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 24 ਜੂਨ ਨੂੰ ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਇਕ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਨੇ ਬੰਦੂਕ ਦੀ ਨੋਕ ‘ਤੇ 2 ਲੱਖ ਰੁਪਏ ਲੁੱਟ ਲਏ ਸਨ। ਬਾਅਦ ਵਿੱਚ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਲਾਹੌਰੀ ਗੇਟ ਇਲਾਕੇ ਦੀਆਂ ਪੰਜ ਦੁਕਾਨਾਂ ‘ਚੋਂ ਸਾਮਾਨ ਚੋਰੀ
ਦਿੱਲੀ ਦੇ ਲਾਹੌਰੀ ਗੇਟ ਇਲਾਕੇ ਵਿੱਚ ਤਿੰਨ ਵਿਅਕਤੀ ਦੁਕਾਨਾਂ ‘ਚੋਂ ਸਾਮਾਨ ਚੋਰੀ ਕਰ ਕੇ ਲੈ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਦੇ ਆਧਾਰ ‘ਤੇ ਪੁਲੀਸ ਸ਼ੱਕੀਆਂ ਦੀ ਪਛਾਣ ਕਰ ਰਹੀ ਹੈ। ਜਿਹੜੀਆਂ ਪੰਜ ਦੁਕਾਨਾਂ ਲੁੱਟੀਆਂ ਗਈਆਂ, ਉਹ ਸਾਰੀਆਂ ਦਿੱਲੀ ਦੇ ਤੇਲਿਆਨ ਬਾਜ਼ਾਰ ਵਿੱਚ ਸਥਿਤ ਹਨ। ਚੋਰ ਦਿਨ-ਦਿਹਾੜੇ ਬੰਦ ਦੁਕਾਨਾਂ ‘ਚ ਦਰਵਾਜ਼ੇ ਅਤੇ ਖਿੜਕੀਆਂ ਨੂੰ ਹਥੌੜਿਆਂ ਨਾਲ ਤੋੜ ਕੇ ਦਾਖਲ ਹੋਏ। ਵਿਅਕਤੀਆਂ ਨੇ ਅੰਦਰ ਜਾ ਕੇ ਦੁਕਾਨਾਂ ਵਿੱਚੋਂ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਸੀਸੀਟੀਵੀ ਫੁਟੇਜ ਵਿੱਚ ਵਿਅਕਤੀ ਦੁਕਾਨਾਂ ਵਿੱਚ ਦਾਖਲ ਹੁੰਦੇ ਤੇ ਬਾਹਰ ਨਿਕਲਦੇ ਦਿਖਾਈ ਦਿੰਦੇ ਹਨ। ਇਨ੍ਹਾਂ ਸਾਰਿਆਂ ਨੇ ਮਾਸਕ ਪਹਿਨੇ ਹੋਏ ਹਨ। ਚੋਰੀ ਦੀਆਂ ਵਾਰਦਾਤਾਂ ਕਾਰਨ ਤੇਲਿਆਨ ਬਾਜ਼ਾਰ ਦੇ ਦੁਕਾਨਦਾਰ ਅਸੁਰੱਖਿਆ ਮਹਿਸੂਸ ਕਰ ਰਹੇ ਹਨ।
ਵਪਾਰੀਆਂ ਨੂੰ ਚੌਕਸ ਰਹਿਣ ਦੀ ਸਲਾਹ
ਵਪਾਰੀ ਸੰਸਥਾ ਸੀਟੀਆਈ ਨੇ ਬੁੱਧਵਾਰ ਨੂੰ ਕਾਰੋਬਾਰੀਆਂ ਨੂੰ ਬੈਂਕਾਂ ਤੋਂ ਨਕਦੀ ਕਢਵਾਉਣ ਅਤੇ ਸੀਸੀਟੀਵੀ ਫੁਟੇਜ ਨੂੰ ਘੱਟੋ-ਘੱਟ ਇੱਕ ਮਹੀਨੇ ਲਈ ਸਟੋਰ ਕਰਨ ਤੋਂ ਬਾਅਦ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਇੱਕ ਸਲਾਹ ਜਾਰੀ ਕੀਤੀ ਹੈ ਅਤੇ ਇਸ ਨੂੰ 500 ਮਾਰਕੀਟ ਐਸੋਸੀਏਸ਼ਨਾਂ ਅਤੇ 50 ਉਦਯੋਗਿਕ ਖੇਤਰਾਂ ਦੇ ਪ੍ਰਤੀਨਿਧਾਂ ਨੂੰ ਭੇਜਿਆ ਜਾਵੇਗਾ। ਸੀਟੀਆਈ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਲੁੱਟ ਅਤੇ ਹੋਰ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਅਪਰਾਧੀਆਂ ਦੇ ਹੌਸਲੇ ਵਧ ਰਹੇ ਹਨ। ਸੀਟੀਆਈ ਨੇ ਬਿਆਨ ਵਿੱਚ ਦਾਅਵਾ ਕੀਤਾ ਕਿ ਡਿਕੈਤੀ ਅਤੇ ਚੋਰੀ ਦੀਆਂ 80 ਫੀਸਦੀ ਤੋਂ ਵੱਧ ਘਟਨਾਵਾਂ ਵਿੱਚ ਵਪਾਰੀ, ਦੁਕਾਨਦਾਰ ਅਤੇ ਫੈਕਟਰੀ ਮਾਲਕ ਹੀ ਸ਼ਿਕਾਰ ਹੋਏ ਹਨ।