ਔਰਤ ਕੋਲੋਂ ਸਾਢੇ ਚਾਰ ਕਿੱਲੋ ਹੈਰੋਇਨ ਬਰਾਮਦ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਅੰਮ੍ਰਿਤਸਰ ਪੁਲੀਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ ਮਹਿਲਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੰਵਲਜੀਤ ਕੌਰ ਉਰਫ ‘ਮਾਸੀ’ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰਾ ਛੇਹਰਟਾ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਵਲਜੀਤ ਕੌਰ ਅਤੇ ਉਸ ਦਾ ਜਵਾਈ ਜੁਗਰਾਜ ਸਿੰਘ ਪਾਕਿਸਤਾਨ ਅਧਾਰਿਤ ਵੱਖ-ਵੱਖ ਨਸ਼ਾ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਦੋਵੇਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਉਨ੍ਹਾਂ ਵੱਲੋਂ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਲਿਆਉਣ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੰਵਲਜੀਤ ਕੌਰ ਨੇ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਹੈ, ਜੋ ਉਸ ਦੇ ਕਬਜ਼ੇ ਵਿੱਚ ਸੀ। ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਦੀ ਨਿਗਰਾਨੀ ਹੇਠ ਪੁਲੀਸ ਟੀਮਾਂ ਨੇ ਮਹਿਲਾ ਨੂੰ ਛੇਹਰਟਾ ਵਿੱਚ ਉਸ ਦੇ ਕਿਰਾਏ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਵੱਖਰੇ ਮਾਮਲੇ ਵਿੱਚ ਕੰਟੋਨਮੈਂਟ ਦੀ ਪੁਲੀਸ ਨੇ ਗੁਪਤ ਸੂਚਨਾ ’ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ ਉਰਫ ਮਣੀ, ਗੁਰਪ੍ਰੀਤ ਸਿੰਘ ਉਰਫ ਗੋਪੀ ਸਾਰੇ ਵਾਸੀ ਪਿੰਡ ਡੰਡੇ ਵਜੋਂ ਹੋਈ ਹੈ।