ਚੋਰੀ ਦੇ ਮੋਟਰਸਾਈਕਲਾਂ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਨਵੰਬਰ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲਾਂ ’ਤੇ ਲੋਕਾਂ ਦੀ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਬਿਨਾਂ ਨੰਬਰ ਪਲੇਟ ਵਾਲੇ ਚੋਰੀ ਦੇ ਮੋਟਰਸਾਈਕਲ, ਵੱਖ-ਵੱਖ ਕੰਪਨੀਆਂ ਦੇ ਛੇ ਮੋਬਾਈਲ ਫੋਨ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ ਉਰਫ਼ ਮਿੱਕੀ ਵਾਸੀ ਮੱਕੜ ਕਲੋਨੀ ਇਲਾਕਾ ਗਿਆਸਪੁਰਾ, ਰੋਹਿਤ ਕੁਮਾਰ ਉਰਫ ਬਿਹਾਰੀ ਵਾਸੀ ਹੀਰੋ ਸੁਮਨ ਨਗਰ ਲੋਹਾਰਾ ਰੋਡ, ਰਤਨ ਚੰਦ ਵਰਮਾ ਉਰਫ ਹਨੀ ਵਾਸੀ ਪ੍ਰੇਮ ਨਗਰ ਲੋਹਾਰਾ ਅਤੇ ਦੀਪਕ ਕੁਮਾਰ ਵਜੋਂ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਬਿਹਾਰੀ ਚੌਕ ਦਾ ਰਹਿਣ ਵਾਲਾ ਵਿਪਨ ਕੁਮਾਰ ਫ਼ੋਨ ’ਤੇ ਗੱਲ ਕਰ ਰਿਹਾ ਸੀ ਤਾਂ ਬਾਈਕ ਸਵਾਰ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ ਦਾ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪੁੱਛ-ਪੜਤਾਲ ’ਚ ਸਾਹਮਣੇ ਆਇਆ ਕਿ ਮੁਲਜ਼ਮ ਕਈ ਵਾਰਦਾਤਾਂ ਕਰ ਚੁੱਕੇ ਹਨ। ਪੁਲੀਸ ਨੇ ਪੰਜ ਵਾਰਦਾਤਾਂ ਨੂੰ ਸੁਲਝਾ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ; 21 ਮੋਬਾਈਲ ਫੋਨ ਬਰਾਮਦ
ਲੁਧਿਆਣਾ (ਟਨਸ): ਇਥੇ ਪੁਲੀਸ ਨੇ ਅੱਜ ਤਿੰਨ ਵਿਅਕਤੀਆਂ ਨੂੰ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 21 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਉਕਤੇ ਤਿੰਨੇ ਮੁਲਜ਼ਮਾਂ ਨੂੰ ਸੀਆਈਏ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਮਨਜੋਤ ਸਿੰਘ ਉਰਫ਼ ਕਾਕਾ ਵਾਸੀ ਮੁਹੱਲਾ ਆਦਰਸ਼ਨ ਨਗਰ, ਭੋਲੂ ਉਰਫ਼ ਗੋਲੂ ਵਾਸੀ ਆਦਰਸ਼ਨ ਨਗਰ ਤੇ ਪ੍ਰਿੰਸ ਕੁਮਾਰ ਵਾਸੀ ਮੁਹੱਲਾ ਗੁਰ ਅਰਜੁਨ ਦੇਨ ਨਗਰ ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੀਆਈਏ-1 ਦੀ ਟੀਮ ਨੂੰ ਪੁਰਾਣੇ ਸਿਵਲ ਹਸਪਤਾਲ ਨੇੜੇ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਾਹਗੀਰਾਂ ਨੂੰ ਲੁੱਟ ਰਹੇ ਹਨ ਜਿਸ ਮਗਰੋਂ ਪੁਲੀਸ ਨੇ ਕਾਰਵਾਈ ਕੀਤੀ। ਪੁੱਛ-ਪੜਤਾਲ ਦੌਰਾਨ ਮੁਲਜ਼ਮਾ ਕੋਲੋਂ 21 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।