ਮੌੜ ਮੰਡੀ ਕਤਲ ਮਾਮਲੇ ਦੇ ਚਾਰ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਜੁਲਾਈ
ਮੌੜ ਮੰਡੀ ’ਚ ਲੰਘੀ 7 ਜੁਲਾਈ ਨੂੰ ਇੱਕ ਵਿਅਕਤੀ ਦਾ ਵਹਿਸ਼ੀ ਢੰਗ ਨਾਲ ਕਤਲ ਕੀਤੇ ਜਾਣ ਦੇ ਮਾਮਲੇ ’ਚ ਬਠਿੰਡਾ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸੰਦੋਹਾ ਅਤੇ ਜਸਪ੍ਰੀਤ ਸਿੰਘ ਵਾਸੀ ਪੀਰਕੋਟ ਦੱਸੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਵਾਰਦਾਤ ਵਾਲੀ ਜਗ੍ਹਾ ’ਤੇ ਲਿਆਉਣ ਅਤੇ ਕਤਲ ਤੋਂ ਮਗਰੋਂ ਫ਼ਰਾਰ ਹੋਣ ’ਚ ਸਹਾਈ ਹੋਣ ਵਾਲੇ ਹਰਜੀਤ ਸਿੰਘ ਉਰਫ਼ ਐਨਕੀ ਵਾਸੀ ਲਹਿਰੀ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਬਲਵੀਰ ਕੌਰ ਨਾਂਅ ਦੀ ਇਕ ਮਹਿਲਾ ਨੂੰ ਪੁਲੀਸ ਨੇ ਵਾਰਦਾਤ ਵਾਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ। ਐੱਸਐੱਸਪੀ ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਕਤਲ ਦਾ ਪਿਛੋਕੜ ਪੁਰਾਣੀ ਲਾਗ-ਡਾਟ ਸੀ ਅਤੇ ਮਰਹੂਮ ਜਸਪਾਲ ਸਿੰਘ ਅਠਿਆਨੀ ਵਾਸੀ ਮੌੜ ਕਲਾਂ ਦੇ ਭਰਾ ਦੀ ਸ਼ਿਕਾਇਤ ’ਤੇ ਉਪਰੋਕਤ ਚਾਰੋਂ ਮੁਲਜ਼ਮਾਂ ਖ਼ਿਲਾਫ਼ ਥਾਣਾ ਮੌੜ ਵਿੱਚ 8 ਜੁਲਾਈ ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜੜ 2021 ’ਚ ਅਮਰਿੰਦਰ ਸਿੰਘ ਉਰਫ਼ ਮੰਜਾ ਦੇ ਕਤਲ ਵੇਲੇ ਦੀ ਹੈ। ਉਸ ਮਾਮਲੇ ਦਾ ਮੁੱਖ ਮੁਲਜ਼ਮ ਜਸਪਾਲ ਸਿੰਘ ਉਰਫ਼ ਅਠਿਆਨੀ ਕਰੀਬ ਦੋ ਕੁ ਵਰ੍ਹੇ ਪਹਿਲਾਂ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਮੌੜ ਵਾਰਦਾਤ ’ਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਤਿੰਨੋਂ ਪੁਰਸ਼ ਮੁਲਜ਼ਮ ਮ੍ਰਿਤਕ ਮੰਜੇ ਦੇ ਦੋਸਤ ਸਨ। ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਵਰਤੀ ਗਈ ਹੌਂਡਾ ਸਿਟੀ ਕਾਰ ਦੀ ਵੀ ਬਰਾਮਦਗੀ ਪੁਲੀਸ ਵੱਲੋ ਕਰ ਲਈ ਗਈ ਹੈ।