ਮਿਲਕ ਕਲੋਨੀ ’ਚ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਕਤੂਬਰ
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਅੱਜ ਆਪਣੇ ਵਾਰਡ ਨੰਬਰ-14 ਵਿੱਚ ਪੈਂਦੀ ਮਿਲਕ ਕਲੋਨੀ ਵਿੱਚ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਮਿਲਕ ਕਲੋਨੀ ਵਿੱਚ ਹਾਊਸਿੰਗ ਬੋਰਡ ਦੇ ਮਕਾਨਾਂ ਨਜ਼ਦੀਕ ਆਧੁਨਿਕ ਲਾਈਟਾਂ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਮਿਲਕ ਕਲੋਨੀ ਵਿੱਚ ਇਹ ਸਪੋਰਟਸ ਕੰਪਲੈਕਸ 50 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਜਾਵੇਗਾ ਜਦੋਂਕਿ ਲਾਈਟਾਂ ਲਈ ਵੱਖਰੇ ਤੌਰ ’ਤੇ 7-8 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਮਿਲਕ ਕਲੋਨੀ ਵਿੱਚ ਥਾਂ-ਥਾਂ ਗੋਹਾ ਡਿੱਗਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਕਰ ਕੇ ਉਨ੍ਹਾਂ ਨੇ ਮਿਲਕ ਕਲੋਨੀ ਵਿੱਚ ਸਪੋਰਟਸ ਕੰਪਲੈਕਸ ਬਣਾਉਣ ਲਈ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਕੋਲ ਕਈ ਵਾਰ ਮੰਗ ਰੱਖੀ ਸੀ। ਸਾਲ 2023 ਵਿੱਚ ਕਿਰਨ ਖੇਰ ਨੇ ਸਪੋਰਟਸ ਕੰਪਲੈਕਸ ਲਈ 50 ਲੱਖ ਰੁਪਏ ਐੱਮਪੀ ਲੈਡ ਫੰਡ ਵਿੱਚੋਂ ਜਾਰੀ ਕੀਤੇ ਸਨ। ਉਨ੍ਹਾਂ ਫੰਡਾਂ ਨਾਲ ਹੁਣ ਸਪੋਰਟਸ ਕੰਪਲੈਕਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸ੍ਰੀ ਸੰਧੂ ਨੇ ਨਗਰ ਨਿਗਮ ਦੀ ਸਾਬਕਾ ਕਮਿਸ਼ਨਰ ਅਨਿੰਦਿਤਾ ਮਿੱਤਰਾ ਦਾ ਸਪੋਰਟਸ ਕੰਪਲੈਕਸ ਲਈ ਦਸਤਾਵੇਜ਼ਾਂ ਦੇ ਕੰਮ ਨੂੰ ਮੁਕੰਮਲ ਕਰਵਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪੋਰਟਸ ਕੰਪਲੈਕਸ ਨਾਲ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ ਅਤੇ ਇਲਾਕੇ ਵਿੱਚ ਕੁਝ ਥਾਂ ’ਤੇ ਸਫ਼ਾਈ ਵੀ ਕੀਤੀ ਜਾ ਸਕੇਗੀ। ਇਸ ਮੌਕੇ ਪੀਸੀ ਡੋਗਰਾ, ਸੁਨੀਲ ਸੂਦ, ਅਸ਼ਵਨੀ, ਸੁਭਾਸ਼ ਚੰਦ, ਖਹਿਰਾ ਸਾਹਿਬ, ਵਿਜੈ ਸ਼ਰਮਾ (ਪਹਿਲਵਾਨ) ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮਜੂਦ ਰਹੇ।