ਮਲਕ-ਬੋਦਲਵਾਲਾ ਡਰੇਨ ਦੇ ਪੁਲ ਦਾ ਨੀਂਹ ਪੱਥਰ ਰੱਖਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਅਗਸਤ
ਜਗਰਾਉਂ ਸ਼ਹਿਰ ਦੀ ਵੱਖੀ ’ਚ ਵਸੇ ਸਭ ਤੋਂ ਨੇੜਲੇ ਪਿੰਡ ਮਲਕ ਤੋਂ ਬੋਦਲਵਾਲਾ ਨੂੰ ਜਾਂਦੇ ਰਸਤੇ ’ਤੇ ਡਰੇਨ ਉੱਪਰ ਪੁਲ ਨਾ ਹੋਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਔਖ ਆ ਰਹੀ ਸੀ। ਇਨ੍ਹਾਂ ਲੋਕਾਂ ਦੀ ਡਰੇਨ ’ਤੇ ਪੁਲ ਬਣਾਉਣ ਦੀ ਇਹ ਚਿਰੋਕਣੀ ਮੰਗ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੁਲ ਦਾ ਨੀਂਹ ਪੱਥਰ ਰੱਖਣ ਨਾਲ ਪੂਰੀ ਹੋਣ ਜਾ ਰਹੀ ਹੈ। ਵਿਧਾਇਕਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਪੁਲ ਪਾਸ ਕਰਵਾਉਣ ਉਪਰੰਤ ਅੱਜ ਇਸ ਨਵੇਂ ਪੁਲ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਅਤੇ ਪੁਲ ਬਣਾਉਣ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ 1.83 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਪੁਲ ਦੇ 20 ਮੀਟਰ ਦੇ 2 ਸਪੈਨ ਪੈਣਗੇ ਅਤੇ ਇਸ ਪੁਲ ਦੀ ਚੌੜਾਈ ਸਾਢੇ ਸੱਤ ਮੀਟਰ ਹੋਵੇਗੀ। ਪੁਲ ਦੇ ਬਣਨ ਉਪਰੰਤ ਪਿੰਡ ਮਲਕ, ਬੋਦਲਵਾਲਾ ਤੋਂ ਇਲਾਵਾ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ ਅਤੇ ਇਹ ਪੁਲ 6 ਮਹੀਨੇ ‘ਚ ਬਣਕੇ ਤਿਆਰ ਹੋਵੇਗਾ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਕੈਪਟਨ ਸੁਖਦੇਵ ਸਿੰਘ ਪੰਚ, ਪ੍ਰਧਾਨ ਜਗਤਾਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਤਤਲਾ, ਗੁਰਮੁੱਖ ਸਿੰਘ ਤਤਲਾ, ਕੁਲਵੰਤ ਸਿੰਘ ਫੌਜੀ, ਸਾਬਕਾ ਪੰਚ ਕੁਲਦੀਪ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਤਤਲਾ, ਸੂਬੇਦਾਰ ਸੁਖਦੇਵ ਸਿੰਘ ਢਿੱਲੋਂ, ਬੂਟਾ ਸਿੰਘ ਢਿੱਲੋਂ, ਮਾਸਟਰ ਸੁਖਦੀਪ ਸਿੰਘ ਢਿੱਲੋਂ ਆਦਿ ਨੇ ਵਿਧਾਇਕ ਮਾਣੂੰਕੇ ਦਾ ਧੰਨਵਾਦ ਕੀਤਾ।