ਅਜਨਾਲਾ ਦੇ ਬਿਜਲੀ ਘਰ ਨੂੰ ਅਪਗਰੇਡ ਕਰਨ ਲਈ ਨੀਂਹ ਪੱਥਰ ਰੱਖਿਆ
ਪੱਤਰ ਪ੍ਰੇਰਕ
ਅਜਨਾਲਾ, 21 ਫਰਵਰੀ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਅਜਨਾਲਾ ਸਥਿਤ 66 ਕੇਵੀਏ ਬਿਜਲੀ ਘਰ ਨੂੰ 220 ਕੇਵੀਏ ਅਪਗਰੇਡ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 55 ਸਾਲ ਪੁਰਾਣਾ ਇਹ ਗਰਿੱਡ 35 ਕਰੋੜ ਰੁਪਏ ਦੀ ਲਾਗਤ ਨਾਲ ਅਪਗਰੇਡ ਹੋਵੇਗਾ। ਇਸ ਨਾਲ ਅਜਨਾਲਾ ਤੋਂ ਇਲਾਵਾ ਚੱਕ ਡੋਗਰਾ, ਗੱਗੋਮਾਹਲ, ਡਿਆਲ ਭੜੰਗ ਦੇ ਬਿਜਲੀ ਘਰਾਂ ਤੋਂ ਚੱਲਦੇ 115 ਪਿੰਡਾਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਬਿਜਲੀ ਘਰ ਇਸੇ ਸਾਲ ਦੇ ਅੰਦਰ ਹੀ ਅਪਗਰੇਡ ਹੋ ਕੇ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਜ ਕਰਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸਮੱਸਿਆ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਦ ਕਿ ਮਾਨ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਪੇਂਡੂ ਅਤੇ ਸ਼ਹਿਰੀ ਖੇਤਰ ਦੀ ਨੁਹਾਰ ਬਦਲਣ ਲਈ ਬਹੁਤ ਵੱਡੇ ਕਦਮ ਚੁੱਕੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਬਿਜਲੀ ਸਪਲਾਈ ਅਤੇ ਸੜਕੀ ਸਹੂਲਤਾਂ ਵਧੀਆ ਹੋਣ ਕਾਰਨ ਸਰਹੱਦੀ ਖੇਤਰ ਅੰਦਰ ਸਨਅਤ ਲਈ ਨਵੇਂ ਦਰਵਾਜ਼ੇ ਖੁੱਲ੍ਹਣਗੇ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਹੋਣਗੇ। ਇਸ ਮੌਕੇ ਇੰਜ. ਸਤਿੰਦਰ ਸ਼ਰਮਾ, ਖੁਸ਼ਪਾਲ ਸਿੰਘ ਧਾਲੀਵਾਲ, ਐੱਸਡੀਓ ਕੁਲਵਿੰਦਰ ਸਿੰਘ, ਪ੍ਰਧਾਨ ਜਸਪਾਲ ਸਿੰਘ ਢਿੱਲੋਂ ਸਮੇਤ ਅਧਿਕਾਰੀ ਹਾਜ਼ਰ ਸਨ।