ਸਰਦਾਰ ਪਟੇਲ ਦੀ ਜੈਅੰਤੀ ਮੌਕੇ ‘ਮੇਰਾ ਯੁਵਾ ਭਾਰਤ’ ਸੰਗਠਨ ਦੀ ਨੀਂਹ ਰੱਖੀ ਜਾਵੇਗੀ: ਮੋਦੀ
ਨਵੀਂ ਦਿੱਲੀ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ‘ਮੇਰਾ ਯੁਵਾ ਭਾਰਤ’ ਨਾਂ ਦੇ ਇਕ ਸੰਗਠਨ ਦੀ ਨੀਂਹ ਰੱਖੇ ਜਾਣ ਦਾ ਐਲਾਨ ਕੀਤਾ ਹੈ ਜੋ ਰਾਸ਼ਟਰ ਨਿਰਮਾਣ ਨਾਲ ਜੁੜੇ ਵੱਖ-ਵੱਖ ਸਮਾਗਮਾਂ ਵਿਚ ਦੇਸ਼ ਦੇ ਨੌਜਵਾਨਾਂ ਨੂੰ ਸਰਗਰਮ ਹਿੱਸੇਦਾਰੀ ਦਾ ਮੌਕਾ ਦੇਵੇਗਾ। ਆਕਾਸ਼ਵਾਣੀ ਉਤੇ ਅੱਜ ਪ੍ਰਸਾਰਿਤ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 106ਵੀਂ ਕੜੀ ਵਿਚ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਨੇ ਪਿਛਲੇ ਕੁਝ ਸਾਲਾਂ ਵਿਚ ਖਾਦੀ ਨਾਲ ਜੁੜੇ ਉਤਪਾਦਾਂ ਦੀ ਵਿਕਰੀ ਵਿਚ ਹੋਏ ਇਜ਼ਾਫ਼ੇ ਦਾ ਜ਼ਿਕਰ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਮੁੜ ਤੋਂ ਸਥਾਨਕ ਉਤਪਾਦਾਂ ਨੂੰ ਵੱਧ ਤੋਂ ਵੱਧ ਖ਼ਰੀਦਣ ਦੀ ਅਪੀਲ ਕੀਤੀ ਤੇ ‘ਆਤਮਨਿਰਭਰ ਭਾਰਤ’ ਦੇ ਅਹਿਦ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਮੋਦੀ ਨੇ ਕਿਹਾ ਕਿ ਉਹ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ, ਖਾਸ ਤੌਰ ’ਤੇ ਉਨ੍ਹਾਂ ਨੌਜਵਾਨਾਂ ਨਾਲ ਇਕ ਖ਼ੁਸ਼ਖਬਰੀ ਸਾਂਝੀ ਕਰ ਰਹੇ ਹਨ, ਜਨਿ੍ਹਾਂ ਦੇ ਦਿਲਾਂ ਵਿਚ ਭਾਰਤ ਲਈ ਕੁਝ ਕਰਨ ਦਾ ਜਜ਼ਬਾ ਤੇ ਸੁਫ਼ਨੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨਾਂ ਬਾਅਦ 31 ਅਕਤੂਬਰ ਨੂੰ ਇਕ ਬਹੁਤ ਵੱਡੇ ਦੇਸ਼ ਵਿਆਪੀ ਸੰਗਠਨ ਦੀ ਨੀਂਹ ਰੱਖੀ ਜਾ ਰਹੀ ਹੈ। ਮੋਦੀ ਨੇ ਇਸ ਉੱਦਮ ਲਈ ‘ਮਾਈ ਭਾਰਤ ਡਾਟ ਜੀਓਵੀ ਡਾਟ ਇਨ’ ਨਾਂ ਤੋਂ ਇਕ ਵੈੱਬਸਾਈਟ ਸ਼ੁਰੂ ਕੀਤੇ ਜਾਣ ਦਾ ਐਲਾਨ ਕਰਦਿਆਂ ਨੌਜਵਾਨਾਂ ਨੂੰ ਇਸ ਉਤੇ ਰਜਿਸਟਰੇਸ਼ਨ ਕਰਾਉਣ ਤੇ ਵੱਖ-ਵੱਖ ਸਮਾਗਮਾਂ ਲਈ ‘ਸਾਈਨ ਅਪ’ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ 31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਵੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਗਾਂਧੀ ਜੈਅੰਤੀ ਮੌਕੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭੰਡਾਰ ਵਿਚ ਇਕ ਹੀ ਦਿਨ ’ਚ ਡੇਢ ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ 10 ਸਾਲ ਪਹਿਲਾਂ ਜਿੱਥੇ ਦੇਸ਼ ਵਿਚ ਖਾਦੀ ਉਤਪਾਦਾਂ ਦੀ ਵਿਕਰੀ ਮੁਸ਼ਕਲ ਨਾਲ 30 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਸੀ, ਅੱਜ ਇਹ ਵੱਧ ਕੇ ਸਵਾ ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਖਾਦੀ ਦੀ ਵਿਕਰੀ ਵਧਣ ਦਾ ਮਤਲਬ ਹੈ ਕਿ ਇਸ ਦਾ ਫਾਇਦਾ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਵੱਖ-ਵੱਖ ਲੋਕਾਂ ਤੱਕ ਪਹੁੰਚਦਾ ਹੈ। ਮੋਦੀ ਨੇ ਕਿਹਾ ਕਿ ਇਸ ਵਿਕਰੀ ਦਾ ਲਾਭ ਕਾਰੀਗਰਾਂ, ਕਿਸਾਨਾਂ ਤੇ ਕੁਟੀਰ ਉਦਯੋਗਾਂ ਨੂੰ ਮਿਲਦਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਦ ਵੀ ਸੈਰ-ਸਪਾਟੇ ਲਈ ਬਾਹਰ ਜਾਣ ਤਾਂ ਸਥਾਨਕ ਉਤਪਾਦ ਖ਼ਰੀਦਣ। ਉਨ੍ਹਾਂ ਪ੍ਰੋਗਰਾਮ ਵਿਚ ‘ਅੰਮ੍ਰਿਤ ਕਲਸ਼ ਯਾਤਰਾਵਾਂ’ ਦਾ ਵੀ ਹਵਾਲਾ ਦਿੱਤਾ ਜਨਿ੍ਹਾਂ ਤਹਿਤ ਪੂਰੇ ਦੇਸ਼ ਵਿਚੋਂ ਮਿੱਟੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰਾਵਾਂ ਹੁਣ ਦਿੱਲੀ ਪਹੁੰਚ ਰਹੀਆਂ ਹਨ ਤੇ ਇਕੱਠੀ ਕੀਤੀ ਮਿੱਟੀ ਨੂੰ ‘ਅੰਮ੍ਰਿਤ ਵਾਟਿਕਾ’ ਉਸਾਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’, ਜੋ ਕਿ ਪਿਛਲੇ ਢਾਈ ਸਾਲਾਂ ਤੋਂ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ, 31 ਅਕਤੂਬਰ ਨੂੰ ਸੰਪੂਰਨ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਦਿਵਾਸੀ ਹਸਤੀ ਬਿਰਸਾ ਮੁੰਡਾ ਨੂੰ ਵੀ ਸ਼ਰਧਾਂਜਲੀ ਦਿੱਤੀ ਜਨਿ੍ਹਾਂ ਦਾ ਜਨਮ ਦਿਹਾੜਾ 15 ਨਵੰਬਰ ਨੂੰ ‘ਜਨਜਾਤੀ ਗੌਰਵ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਖੇਡ ਮੁਕਾਬਲਿਆਂ ਵਿਚ 200 ਤੋਂ ਵੱਧ ਤਗ਼ਮੇ ਜਿੱਤਣ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਵਿਚ ਬਰਲਨਿ ’ਚ ‘ਓਲੰਪਿਕ ਵਰਲਡ ਸਮਰ ਗੇਮਜ਼’ ਵਿਚ ਜਿੱਤੇ 75 ਤਗਮੇ ਵੀ ਸ਼ਾਮਲ ਹਨ। -ਪੀਟੀਆਈ