ਮਾਝੇ ਦੇ ਸ਼ਹਿਰਾਂ ਵਿੱਚ ਚਹੁੰਕੋਣੇ ਅਤੇ ਪਿੰਡਾਂ ਵਿੱਚ ਤਿਕੋਣੇ ਮੁਕਾਬਲਿਆਂ ਦੇ ਆਸਾਰ
ਰਾਜਨ ਮਾਨ
ਰਮਦਾਸ, 28 ਮਈ
ਮਾਝੇ ਦੇ ਸ਼ਹਿਰੀ ਖੇਤਰਾਂ ਵਿੱਚ ਲੋਕ ਸਭਾ ਚੋਣਾਂ ਦੌਰਾਨ ਚਹੁੰਕੋਣਾ ਮੁਕਾਬਲਾ ਨਜ਼ਰ ਆ ਰਿਹਾ ਹੈ ਜਦਕਿ ਪੇਂਡੂ ਖੇਤਰਾਂ ਵਿੱਚ ਤਿਕੋਣੀ ਟੱਕਰ ਬਣਨ ਦੇ ਆਸਾਰ ਜਾਪਦੇ ਹਨ। ਮਾਝੇ ਦੀਆਂ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਖਡੂਰ ਸਾਹਿਬ ਵਿੱਚ ਟੱਕਰ ਫਸਵੀਂ ਹੈ। ਅੰਮ੍ਰਿਤਸਰ ਹਲਕੇ ਵਿੱਚ ਸ਼ਹਿਰੀ ਖੇਤਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ਅਕਾਲੀ ਦਲ ਦੇ ਅਨਿਲ ਜੋਸ਼ੀ ਅਤੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਵਿਚਕਾਰ ਮੁਕਾਬਲਾ ਹੈ। ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਇਹ ਸਾਰੀਆਂ ਧਿਰਾਂ-ਇਕ ਦੂਜੇ ਨਾਲ ਉਪਰ ਥੱਲੇ ਭਿੜ ਰਹੀਆਂ ਹਨ। ਸ਼ਹਿਰੀ ਖੇਤਰ ਵਿੱਚ ਅਕਾਲੀ ਦਲ ਦੇ ਅਨਿਲ ਜੋਸ਼ੀ ਹਿੰਦੂ ਚਿਹਰਾ ਹੋਣ ਕਰਕੇ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲਾਉਂਦੇ ਨਜ਼ਰ ਆ ਰਹੇ ਹਨ। ਭਾਜਪਾ ਦੀ ਸਭ ਤੋਂ ਵੱਡੀ ਟੇਕ ਸ਼ਹਿਰੀ ਖੇਤਰ ਹਨ ਅਤੇ ਉਹ ਇੱਥੋਂ ਆਪਣੇ ਪੈਰ ਮਜ਼ਬੂਤ ਕਰਕੇ ਅੱਗੇ ਨਿਕਲਣ ਦੀ ਆਸ ਲਗਾ ਰਹੀ ਹੈ। ਸ਼ਹਿਰ ਵਿੱਚ ਇਨ੍ਹਾਂ ਚਾਰ ਧਿਰਾਂ ਵਿਚਕਾਰ ਮੁਕਾਬਲਾ ਰਹੇਗਾ ਅਤੇ ਪਿੰਡਾਂ ਵਿਚ ਕਿਸਾਨੀ ਵਿਰੋਧ ਅਤੇ ਭਾਜਪਾ ਦੇ ਢਾਂਚੇ ਦੀ ਘਾਟ ਕਾਰਨ ਇਹ ਮੁਕਬਲਾ ‘ਆਪ’ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੁੰਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਵਿੱਚ ਲੀਡਰਸ਼ਿਪ ਦੀ ਘਾਟ ਸਪੱਸ਼ਟ ਰੜਕ ਰਹੀ ਹੈ ਜਿਸ ਕਰਕੇ ਪੇਂਡੂ ਖੇਤਰ ਵਿੱਚ ਪਾਰਟੀ ਨੂੰ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ ਉਹ ਨਜ਼ਰ ਨਹੀਂ ਆ ਰਿਹਾ।
ਇਸੇ ਤਰ੍ਹਾਂ ਗੁਰਦਾਸਪੁਰ ਹਲਕੇ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਇੱਥੇ ਪਠਾਨਕੋਟ, ਸੁਜਾਨਪੁਰ, ਭੋਆ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਕਾਰ ਟੱਕਰ ਬਣਦੀ ਨਜ਼ਰ ਆ ਰਹੀ ਹੈ ਜਦਕਿ ਪੇਂਡੂ ਹਲਕਿਆਂ ਡੇਰਾ ਬਾਬਾ ਨਾਨਕ, ਕਾਦੀਆਂ, ਗੁਰਦਾਸਪੁਰ, ਬਟਾਲਾ ਅਤੇ ਧਾਲੀਵਾਲ ਵਿੱਚ ਕਾਂਗਰਸ, ‘ਆਪ’ ਅਤੇ ਅਕਾਲੀ ਦਲ ਵਿਚਕਾਰ ਟੱਕਰ ਹੈ। ਇੱਥੇ ਸ਼ਹਿਰੀ ਖੇਤਰਾਂ ਗੁਰਦਾਸਪੁਰ, ਪਠਾਨਕੋਟ, ਦੀਨਾਨਗਰ ਤੇ ਬਟਾਲਾ ਵਿੱਚ ਭਾਜਪਾ ਮੁਕਾਬਲੇ ਵਿਚ ਉਤਰਦੀ ਹੈ। ਪਿੰਡਾਂ ਵਿੱਚ ਢਾਂਚੇ ਦੀ ਘਾਟ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਪਛੜੀ ਹੋਈ ਨਜ਼ਰ ਆ ਰਹੀ ਹੈ। ਖਡੂਰ ਸਾਹਿਬ ਹਲਕੇ ਵਿੱਚ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਆਉਣ ਕਰਕੇ ਸਮੀਕਰਨ ਬਦਲੇ ਹੋਏ ਹਨ। ਇਸ ਹਲਕੇ ਵਿੱਚ ਭਾਜਪਾ ਉਹ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਜੋ ਬਾਕੀਆਂ ਵਿੱਚ ਹੈ। ਇਥੇ ਵੀ ਚਹੁੰਕੋਣਾ ਮੁਕਾਬਲਾ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਥੇ ਪੇਂਡੂ ਖੇਤਰਾਂ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਉਥੇ ਸ਼ਹਿਰਾਂ ਵਿੱਚ ਜਾ ਕੇ ਇਹ ਹੰਗਾਰਾ ਕੁਝ ਮੱਠਾ ਨਜ਼ਰ ਆ ਰਿਹਾ ਹੈ।