For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਦੇਹਾਂਤ

06:35 AM Dec 31, 2024 IST
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਦੇਹਾਂਤ
1978 ਵਿੱਚ ਭਾਰਤ ਦੇ ਦੌਰੇ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਤੇ ਹੋਰਾਂ ਨਾਲ ਅਮਰੀਕਾ ਦੇ ਰਾਸ਼ਟਰਪਤੀ ਜਿਮੀ ਕਾਰਟਰ।
Advertisement

* ਜੱਦੀ ਪਿੰਡ ਵਿੱਚ ਦਫਨਾਇਆ ਜਾਵੇਗਾ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ

Advertisement

ਵਾਸ਼ਿੰਗਟਨ, 30 ਦਸੰਬਰ
ਅਮਰੀਕਾ ਦੇ 39ਵੇਂ ਰਾਸ਼ਟਰਪਤੀ ਅਤੇ ਭਾਰਤ ਆਉਣ ਵਾਲੇ ਤੀਜੇ ਅਮਰੀਕੀ ਆਗੂ ਜਿਮੀ ਕਾਰਟਰ ਦਾ ਬੀਤੇ ਦਿਨ 100 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿਊਂਦੇ ਰਹਿਣ ਵਾਲੇ ਰਾਸ਼ਟਰਪਤੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਰਿਆਣਾ ਦੇ ਇੱਕ ਪਿੰਡ ਦਾ ਨਾਮ ਕਾਰਟਰਪੁਰੀ ਰੱਖਿਆ ਗਿਆ ਸੀ।

Advertisement

1978 ਵਿੱਚ ਭਾਰਤ ਦੌਰੇ ਦੌਰਾਨ ਹਰਿਆਣਾ ਦੇ ਪਿੰਡ ਦੌਲਤਪੁਰ ਨਸੀਰਾਬਾਦ ਪੁੱਜੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਿਮੀ ਕਾਰਟਰ ਦਾ ਸਵਾਗਤ ਕਰਦੇ ਹੋਏ ਪਿੰਡ ਦੇ ਲੋਕ।

ਕਾਰਟਰ ਸੈਂਟਰ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਜੌਰਜੀਆ ਸੂਬੇ ਦੇ ਪਲੇਨਜ਼ ਵਿੱਚ ਆਪਣੇ ਘਰ ਵਿੱਚ ਸ਼ਾਂਤੀ ਨਾਲ ਆਖ਼ਰੀ ਸਾਹ ਲਏ। ਉਨ੍ਹਾਂ ਦੇ ਪਰਿਵਾਰ ’ਚ ਪਿੱਛੇ ਬੱਚੇ ਜੈਕ, ਚਿੱਪ, ਜੈੱਫ ਅਤੇ ਐਮੀ; 11 ਪੋਤੇ-ਪੋਤੀਆਂ ਅਤੇ 14 ਪੜਪੋਤੇ-ਪੜਪੋਤੇ ਹਨ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਰੋਜ਼ਲਿਨ ਅਤੇ ਇੱਕ ਪੋਤੇ-ਪੋਤੀ ਦਾ ਦੇਹਾਂਤ ਹੋ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੀ ਅੰਤਿਮ ਯਾਤਰਾ ਜੌਰਜੀਆ ਦੇ ਛੋਟੇ ਜਿਹੇ ਸ਼ਹਿਰ ਪਲੇਨਜ਼ ਵਿੱਚ ਉਨ੍ਹਾਂ ਦੀ ਜੱਦੀ ਰਿਹਾਇਸ਼ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ, ਜਿੱਥੇ ਮੂੰਗਫਲੀ ਦੇ ਖੇਤਾਂ ਵਿੱਚ ਖੇਡਦੇ ਹੋਏ ਉਨ੍ਹਾਂ ਦਾ ਬਚਪਨ ਬੀਤਿਆ ਸੀ। ਪਿਛਲੇ ਸਾਲ ਕਾਰਟਰ ਦੀ ਪਤਨੀ ਰੋਜ਼ਲਿਨ ਨੂੰ ਵੀ ਇਸੇ ਜਗ੍ਹਾ ’ਤੇ ਜ਼ਮੀਨ ਦੇ ਇਕ ਹਿੱਸੇ ’ਚ ਦਫਨਾਇਆ ਗਿਆ ਸੀ। ਜੋੜੇ ਨੇ ਆਪਣੇ ਅੰਤਿਮ ਸੰਸਕਾਰ ਵਾਸਤੇ ਇਸ ਸਥਾਨ ਨੂੰ ਕਈ ਸਾਲ ਪਹਿਲਾਂ ਚੁਣ ਲਿਆ ਸੀ। ਕਾਰਟਰ ਦੀ ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਪਹਿਲਾਂ ਕਈ ਸ਼ੋਕ ਸਭਾਵਾਂ ਕੀਤੀਆਂ ਜਾਣਗੀਆਂ। ਅਮਰੀਕਾ ’ਚ ਰਾਸ਼ਟਰਪਤੀ ਆਪਣੇ ਅੰਤਿਮ ਸੰਸਕਾਰ ਦਾ ਸਥਾਨ ਤੇ ਤਰੀਕਾ ਖ਼ੁਦ ਨਿਰਧਾਰਤ ਕਰਦੇ ਹਨ। ਉਨ੍ਹਾਂ ਦੇ ਚਲਾਣੇ ਉਤੇ ਦੁੱਖ ਜ਼ਾਹਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ‘‘ਅੱਜ, ਅਮਰੀਕਾ ਅਤੇ ਦੁਨੀਆ ਨੇ ਇੱਕ ਅਸਾਧਾਰਨ ਨੇਤਾ, ਰਾਜਨੇਤਾ ਅਤੇ ਮਨੁੱਖਤਾਵਾਦੀ ਸਖਸ਼ ਗੁਆ ਲਿਆ ਹੈ।’’
ਉਨ੍ਹਾਂ ਦੇ ਪੁੱਤਰ ਚਿੱਪ ਕਾਰਟਰ ਨੇ ਕਿਹਾ, “ਮੇਰੇ ਪਿਤਾ ਜੀ ਇੱਕ ਨਾਇਕ ਸਨ, ਨਾ ਸਿਰਫ਼ ਮੇਰੇ ਲਈ, ਸਗੋਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸਵਾਰਥ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਲਈ ਵੀ। ਦੁਨੀਆ ਸਾਡਾ ਪਰਿਵਾਰ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਅਸੀਂ ਇਨ੍ਹਾਂ ਸਾਂਝੇ ਵਿਸ਼ਵਾਸਾਂ ਨੂੰ ਜਾਰੀ ਰੱਖ ਕੇ ਉਨ੍ਹਾਂ ਦੀ ਯਾਦ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ।’’ ਕਾਰਟਰ ਇਕ ਡੈਮੋਕਰੈਟ ਸਨ ਜਿਨ੍ਹਾਂ 1977 ਤੋਂ ਲੈ ਕੇ 1981 ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘‘ਭਾਵੇਂ ਕਿ ਉਨ੍ਹਾਂ ਦੇ ਕਾਰਟਰ ਨਾਲ ’ਵਿਚਾਰਕ ਅਤੇ ਸਿਆਸੀ ਤੌਰ ’ਤੇ ਕਾਫੀ ਜ਼ਿਆਦਾ ਮਤਭੇਦ’ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਹ ਅਹਿਸਾਸ ਹੈ ਕਿ ਉਹ ਸਾਡੇ ਦੇਸ਼ ਨੂੰ ਸੱਚਮੁੱਚ ਪਿਆਰ ਕਰਦੇ ਸਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦੇ ਹਨ।’’ ਉਨ੍ਹਾਂ ਕਿਹਾ, “ਉਨ੍ਹਾਂ ਨੇ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਇਸ ਲਈ ਮੈਂ ਉਨ੍ਹਾਂ ਨੂੰ ਤਹਿ ਦਿਲੋਂ ਸਤਿਕਾਰ ਦਿੰਦਾ ਹਾਂ।”
ਕਾਰਟਰ ਸੈਂਟਰ ਅਨੁਸਾਰ 3 ਜਨਵਰੀ 1978 ਨੂੰ ਕਾਰਟਰ ਅਤੇ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਰੋਜ਼ਲਿਨ ਕਾਰਟਰ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਪਿੰਡ ਗਏ, ਜਿਹੜਾ ਕਿ ਨਵੀਂ ਦਿੱਲੀ ਤੋਂ ਇੱਕ ਘੰਟੇ ਦਾ ਸਫ਼ਰ ਹੈ। ਇਹ ਦੌਰਾ ਐਨਾ ਕੁ ਸਫਲ ਰਿਹਾ ਕਿ ਥੋੜ੍ਹੀ ਦੇਰ ਬਾਅਦ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ ‘ਕਾਰਟਰਪੁਰੀ’ ਰੱਖ ਦਿੱਤਾ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਰਟਰ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ ਵਿੱਚ ਰਹੇ। -ਪੀਟੀਆਈ

ਭਾਰਤ ਦੇ ਦੋਸਤ ਮੰਨੇ ਜਾਂਦੇ ਸਨ ਕਾਰਟਰ

ਜਿਮੀ ਕਾਰਟਰ

ਕਾਰਟਰ ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਸੀ। ਉਹ 1977 ਵਿੱਚ ਐਮਰਜੈਂਸੀ ਹਟਾਉਣ ਅਤੇ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ਦੌਰਾਨ ਕਾਰਟਰ ਨੇ ਤਾਨਾਸ਼ਾਹੀ ਹਕੂਮਤ ਦਾ ਵਿਰੋਧ ਕੀਤਾ ਸੀ। ਉਨ੍ਹਾਂ 2 ਜਨਵਰੀ, 1978 ਨੂੰ ਕਿਹਾ ਸੀ, ‘‘ਭਾਰਤ ਦੀਆਂ ਮੁਸ਼ਕਲਾਂ ਜਿਨ੍ਹਾਂ ਦਾ ਅਸੀਂ ਅਕਸਰ ਆਪਣੇ ਆਪ ਅਨੁਭਵ ਕਰਦੇ ਹਾਂ ਅਤੇ ਜੋ ਵਿਕਾਸਸ਼ੀਲ ਸੰਸਾਰ ਵਿੱਚ ਦਰਪੇਸ਼ ਸਮੱਸਿਆਵਾਂ ਦੀ ਵਿਸ਼ੇਸ਼ਤਾ ਹਨ, ਸਾਨੂੰ ਅੱਗੇ ਆਉਣ ਵਾਲੇ ਕੰਮਾਂ ਦੀ ਯਾਦ ਦਿਵਾਉਂਦੀਆਂ ਹਨ ਪਰ ਇਹ ਸਾਨੂੰ ਤਾਨਾਸ਼ਾਹੀ ਦੇ ਰਾਹ ਨਹੀਂ ਸੁਝਾਉਂਦੀਆਂ।” ਇੱਕ ਦਿਨ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨਾਲ ਦਿੱਲੀ ਐਲਾਨਨਾਮੇ ’ਤੇ ਦਸਤਖਤ ਕਰਨ ਵੇਲੇ, ਕਾਰਟਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੋਸਤੀ ਦੇ ਕੇਂਦਰ ਵਿੱਚ ਉਨ੍ਹਾਂ ਦਾ ਇਹ ਦ੍ਰਿੜ੍ਹ ਇਰਾਦਾ ਹੈ ਕਿ ਲੋਕਾਂ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਵੱਲੋਂ ਰਿਆਸਤਾਂ/ਸਟੇਟਾਂ ਤੇ ਸਰਕਾਰਾਂ ਦੇ ਕੰਮਾਂ ਨੂੰ ਸੇਧ ਦਿੱਤੀ ਜਾਵੇ।

ਕਾਰਟਰ ਨੇ ਆਲਮੀ ਸ਼ਾਂਤੀ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ: ਮੋਦੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੇ ਦੇਹਾਂਤ ’ਤੇ ਅੱਜ ਦੁੱਖ ਜ਼ਾਹਿਰ ਕੀਤਾ ਅਤੇ ਉਨ੍ਹਾਂ ਨੂੰ ਮਹਾਨ ਦੂਰਦਰਸ਼ੀ ਸਿਆਸਤਦਾਨ ਦੱਸਿਆ, ਜਿਨ੍ਹਾਂ ਨੇ ਆਲਮੀ ਸ਼ਾਂਤੀ ਤੇ ਸਦਭਾਵਨਾ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ਉੱਤੇ ਕਿਹਾ, ‘‘ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਕਾਰਟਰ ਦਾ ਯੋਗਦਾਨ ਇਕ ਸਥਾਈ ਵਿਰਾਸਤ ਛੱਡ ਗਿਆ ਹੈ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਮਰੀਕਾ ਦੇ ਲੋਕਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ।’’ -ਪੀਟੀਆਈ

Advertisement
Author Image

joginder kumar

View all posts

Advertisement