For the best experience, open
https://m.punjabitribuneonline.com
on your mobile browser.
Advertisement

ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਭਾਜਪਾ ਛੱਡੀ

06:45 AM Apr 09, 2024 IST
ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਭਾਜਪਾ ਛੱਡੀ
ਬੀਰੇਂਦਰ ਿਸੰਘ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 8 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਭਾਜਪਾ ਨੂੰ ਅਲਵਿਦਾ ਆਖਦਿਆਂ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਹ ਮੰਗਲਵਾਰ ਨੂੰ ਆਪਣੇ ਸਮਰਥਕਾਂ ਨਾਲ ਦਿੱਲੀ ’ਚ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਦਸ ਸਾਲ ਬਾਅਦ ਪਾਰਟੀ ’ਚ ਵਾਪਸੀ ਕਰਨਗੇ। ਚੌਧਰੀ ਬੀਰੇਂਦਰ ਸਿੰਘ ਦਾ ਪੁੱਤਰ ਬ੍ਰਿਜੇਂਦਰ ਸਿੰਘ, ਜੋ ਹਿਸਾਰ ਤੋਂ ਮੌਜੂਦਾ ਸੰਸਦ ਮੈਂਬਰ ਹੈ, ਨੇ ਵੀ ਲੋਕ ਸਭਾ ਤੇ ਭਾਜਪਾ ਤੋਂ ਅਸਤੀਫਾ ਦੇਣ ਮਗਰੋਂ ਪਿਛਲੇ ਮਹੀਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਚੌਧਰੀ ਬੀਰੇਂਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਭੇਜ ਦਿੱਤਾ ਹੈ। ਸ੍ਰੀ ਚੌਧਰੀ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕ ਪ੍ਰੇਮ ਲਤਾ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਅੱਜ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਦਿੱਲੀ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨਾਲ ਵੀ ਮੁਲਾਕਾਤ ਕੀਤੀ। ਗੌਰਤਲਬ ਹੈ ਕਿ ਚੌਧਰੀ ਬੀਰੇਂਦਰ ਸਿੰਘ ਸਾਲ 2014 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਸ ਸਮੇਂ ਕਾਂਗਰਸ ਛੱਡਣ ਦਾ ਕਾਰਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮਤਭੇਦ ਸੀ, ਪਰ ਹੁਣ ਮੁੜ ਤੋਂ ਭੁਪਿੰਦਰ ਸਿੰਘ ਹੁੱਡਾ ਤੇ ਚੌਧਰੀ ਬੀਰੇਂਦਰ ਸਿੰਘ ਇਕੱਠੇ ਹੋਣ ਜਾ ਰਹੇ ਹਨ। ਚੌਧਰੀ ਬੀਰੇਂਦਰ ਸਿੰਘ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਣਾ ਵਿਧਾਨ ਸਭਾ ਹਲਕੇ ਤੋਂ 5 ਵਾਰ ਵਿਧਾਇਕ ਚੁਣੇ ਗਏ ਸਨ। ਇਸ ਤੋਂ ਇਲਾਵਾ ਦੋ ਵਾਰ ਰਾਜ ਸਭਾ ਮੈਂਬਰ ਅਤੇ ਇਕ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਚੌਧਰੀ ਬੀਰੇਂਦਰ ਸਿੰਘ ਕੇਂਦਰੀ ਮੰਤਰੀ ਦੇ ਅਹੁਦੇ ’ਤੇ ਵੀ ਸੇਵਾ ਨਿਭਾ ਚੁੱਕੇ ਹਨ। ਉਹ 43 ਸਾਲ ਕਾਂਗਰਸ ਪਾਰਟੀ ਵਿੱਚ ਰਹਿਣ ਤੋਂ ਬਾਅਦ ਸਾਲ 2014 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਚੌਧਰੀ ਬੀਰੇਂਦਰ ਸਿੰਘ ਪਿਛਲੇ ਸਮੇਂ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਭਾਜਪਾ ਤੋਂ ਨਾਰਾਜ਼ ਹੋ ਗਏ ਸਨ। ਕਿਸਾਨ ਅੰਦੋਲਨ ਦੌਰਾਨ ਵੀ ਚੌਧਰੀ ਬੀਰੇਂਦਰ ਸਿੰਘ ਕਿਸਾਨਾਂ ਦੀ ਹਮਾਇਤ ਵਿੱਚ ਖੜੇ ਦਿਖਾਈ ਦਿੱਤੇ ਸਨ।

Advertisement

ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਤੇ ਮੀਤ ਪ੍ਰਧਾਨ ਸੁਰਿੰਦਰ ਲੇਗਾ ਵੱਲੋਂ ਅਸਤੀਫ਼ੇ

ਨਿਸ਼ਾਨ ਸਿੰਘ

ਟੋਹਾਣਾ (ਗੁਰਦੀਪ ਸਿੰਘ ਭੱਟੀ): ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਮਾਮੂਪੁਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਿੰਘ ਦੀ ਇਸ ਪੇਸ਼ਕਦਮੀ ਨਾਲ ਜੇਜੇਪੀ ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸੂਤਰਾਂ ਮੁਤਾਬਕ ਨਿਸ਼ਾਨ ਸਿੰਘ ਆਪਣੀ ਪੁਰਾਣੀ ਪਾਰਟੀ ਕਾਂਗਰਸ ਵਿੱਚ ਜਾ ਸਕਦੇ ਹਨ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸੁਰਿੰਦਰ ਲੇਗਾ ਨੇ ਵੀ ਨਿਸ਼ਾਨ ਸਿੰਘ ਨੂੰ ਆਪਣਾ ਆਗੂ ਦੱਸਦਿਆਂ ਪਾਰਟੀ ਦੀ ਅਹੁਦੇਦਾਰੀ ਤੋਂ ਮੌਖਿਕ ਤੌਰ ’ਤੇ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਈ ਹੋਰ ਅਹੁਦੇਦਾਰ ਵੀ ਪਾਰਟੀ ਛੱਡ ਰਹੇ ਹਨ। ਨਿਸ਼ਾਨ ਸਿੰਘ ਦੇ ਜੇਜੇਪੀ ਛੱਡਣ ਦੇ ਤਾਰ ਚੰਡੀਗੜ੍ਹ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਹੋਈਆਂ ਗੁਪਤ ਮੀਟਿੰਗਾਂ ਨਾਲ ਜੋੜੇ ਜਾ ਰਹੇ ਹਨ। ਨਿਸ਼ਾਨ ਸਿੰਘ ਕਾਂਗਰਸ ਦਾ ਸਾਥ ਛੱਡ ਕੇ 1998 ਵਿੱਚ ਇਨੈਲੋ ਦੀ ਟਿਕਟ ’ਤੇ ਵਿਧਾਇਕ ਬਣੇ ਸਨ।

Advertisement

Advertisement
Author Image

joginder kumar

View all posts

Advertisement