ਪੰਜਾਬੀ ’ਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋ. ਮੇਵਾ ਸਿੰਘ ਨੂੰ ਮਿਲੇਗਾ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 6 ਜੂਨ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋ. ਮੇਵਾ ਸਿੰਘ ਦੀ ਇੰਟਰਨੈਸ਼ਨਲ ਪਰਾਈਮੈਟੌਲਾਜੀਕਲ ਸੋਸਾਇਟੀ ਦੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਲਈ ਚੋਣ ਹੋਈ ਹੈ। ਇਸ ਐਵਾਰਡ ਲਈ ਚੁਣੇ ਜਾਣ ਵਾਲੀ ਉਹ ਏਸ਼ੀਆ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਸ਼ਖ਼ਸੀਅਤ ਹਨ। ਇਹ ਐਵਾਰਡ ਹੁਣ ਤੱਕ ਸੰਸਾਰ ਭਰ ਦੀਆਂ ਸਿਰਫ਼ 10 ਸ਼ਖ਼ਸੀਅਤਾਂ ਨੂੰ ਹੀ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕਾ ਦੀ ਯੂਨੀਵਰਸਿਟੀ ਆਫ਼ ਮੈਸੂਰ ਵਿਖੇ ਕਾਰਜਸ਼ੀਲ ਪ੍ਰੋ. ਮੇਵਾ ਸਿੰਘ ਨੇ ਸੰਨ 1971 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਬੀ. ਏ. ਕੀਤੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਐੱਮ.ਐੱਸਸੀ ਕਰਨ ਉਪਰੰਤ ਉਨ੍ਹਾਂ ਵਿਗਿਆਨ ਨੂੰ ਆਪਣਾ ਖੋਜ ਖੇਤਰ ਚੁਣ ਲਿਆ ਸੀ। ਜਾਨਵਰਾਂ ਦੇ ਵਿਵਹਾਰ ਵਿੱਚ ਖਾਸ ਦਿਲਚਸਪੀ ਰੱਖਣ ਵਾਲੇ ਪ੍ਰੋ. ਮੇਵਾ ਸਿੰਘ ਨੇ ਆਰੰਭ ਵਿੱਚ ਸ਼ਿਵਾਲਕ ਖੇਤਰ ਵਿਚਲੇ ਬਾਂਦਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ ਜਿਸ ਨੂੰ ਜਾਰੀ ਰੱਖਦਿਆਂ ਉਨ੍ਹਾਂ ਸ਼ਿਵਾਲਿਕ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵਿਚਲੇ ਬਾਂਦਰਾਂ ਬਾਰੇ ਕਈ ਅਹਿਮ ਵਿਗਿਆਨਕ ਖੋਜਾਂ ਕੀਤੀਆਂ। ਇਸ ਪ੍ਰਾਪਤੀ ‘ਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰੋ. ਮੇਵਾ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਮੇਵਾ ਸਿੰਘ ਜਿਹੀਆਂ ਸ਼ਖ਼ਸੀਅਤਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਕੱਦ ਨੂੰ ਹੋਰ ਉੱਚਾ ਕੀਤਾ ਹੈ।