ਸਾਬਕਾ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਦੇਹਾਂਤ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਜਨਵਰੀ
ਵਿੱਦਿਅਕ ਖੇਤਰ ਵਿੱਚ ਵਧੀਆ ਪ੍ਰਬੰਧਕ ਵਜੋਂ ਜਾਣੇ ਜਾਂਦੇ ਸਾਬਕਾ ਪ੍ਰਿੰਸੀਪਲ ਇੰਦਰਜੀਤ ਕੌਰ (ਰਾਣੀ ਮੈਡਮ) ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਪਿਤਾ ਚੰਦਾ ਸਿੰਘ ਜ਼ੈਲਦਾਰ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਸੰਨ 1942 ’ਚ ਪਿੰਡ ਰੋੜੀ (ਹਰਿਆਣਾ) ’ਚ ਹੋਇਆ। ਉਨ੍ਹਾਂ ਦੇ ਪਿਤਾ ਡੀਐੱਸਪੀ ਅਤੇ ਸੁਪਰਡੈਂਟ ਜੇਲ੍ਹਾਂ ਰਹੇ ਸਨ। ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਰੋੜੀ, ਐੱਮਏ (ਅੰਗਰੇਜ਼ੀ) ਤੱਕ ਦੀ ਉੱਚ ਵਿੱਦਿਆ ਫਿਰੋਜ਼ਪੁਰ ਕਾਲਜ ਅਤੇ ਬੀਐੱਡ ਬੀਕਾਨੇਰ (ਰਾਜਸਥਾਨ) ਦੇ ਕਾਲਜ ਤੋਂ ਕੀਤੀ। ਉਹ ਕੁਝ ਸਮਾਂ ਲੇਡੀ ਐਲਗਿਨ ਗਰਲਜ਼ ਸਕੂਲ ਬੀਕਾਨੇਰ ’ਚ ਅਧਿਆਪਕਾ ਵਜੋਂ ਤਾਇਨਾਤ ਰਹੇ। ਸੰਨ 1973 ’ਚ ਉਨ੍ਹਾਂ ਦਾ ਵਿਆਹ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿੱਚ ਬਤੌਰ ਪ੍ਰੋਫੈਸਰ ਰਾਜਾ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਨਾਲ ਹੋਇਆ। ਵਿਆਹ ਮਗਰੋਂ ਉਨ੍ਹਾਂ ਦੀ ਸਿੱਖਿਆ ਵਿਭਾਗ ਪੰਜਾਬ ’ਚ ਬਤੌਰ ਅਧਿਆਪਕ ਨਿਯੁਕਤੀ ਹੋਈ। ਉਹ ਸਰਕਾਰੀ ਹਾਈ ਸਕੂਲ ਜੱਜਲ ’ਚ ਮੁੱਖ ਅਧਿਆਪਕਾ ਰਹੇ ਅਤੇ ਸੰਨ 2000 ਵਿੱਚ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਮੌੜ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ। ਉਨ੍ਹਾਂ ਬੇਟੇ ਮਨਜੋਤ ਸਿੰਘ ਸਿੱਧੂ (ਮੰਨੂ) ਮੌਜੂਦਾ ਸਮੇਂ ਬਠਿੰਡਾ ਕਚਹਿਰੀਆਂ ’ਚ ਵਕੀਲ ਹਨ। ਮਨਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 3 ਜਨਵਰੀ ਨੂੰ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਹੋਵੇਗੀ।