ਭਾਜਪਾ ਦੇ ਸਾਬਕਾ ਪ੍ਰਧਾਨ ਨੇ ਖੋਲ੍ਹਿਆ ਲੋਕ ਸੰਪਰਕ ਦਫ਼ਤਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਦਸੰਬਰ
ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ-ਨਾਲ ਭਾਜਪਾ ਨੇ ਆਪਣੀਆਂ ਚੋਣ ਗਤੀਵੀਧੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਵੱਲੋਂ ਸੈਕਟਰ- 37 ਡੀ ਦੀ ਮਾਰਕੀਟ ਵਿੱਚ ਸ਼ਹਿਰ ਦਾ ਪਹਿਲਾ ਲੋਕ ਸੰਪਰਕ ਦਫ਼ਤਰ ਖੋਲ੍ਹ ਦਿੱਤਾ ਹੈ। ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਵਾਇਆ ਜਾਵੇਗਾ। ਇਸ ਦਫ਼ਤਰ ਦਾ ਉਦਘਾਟਨ ਜੈ ਮਾਤਾ ਮੰਦਰ ਸੈਕਟਰ 26 ਦੇ ਮਹੰਤ ਮਾਤਾ ਕਮਲੀ ਵੱਲੋਂ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੇ ਸਾਰੇ ਪਿੰਡਾਂ ਤੋਂ ਪੰਚ, ਸਰਪੰਚ ਤੇ ਸ਼ਹਿਰ ਦੀਆਂ ਵੱਡੀ ਗਿਣਤੀ ’ਚ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ।
ਸ੍ਰੀ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਕੌਂਸਲਰ, ਮੇਅਰ, ਸੂਬਾ ਭਾਜਪਾ ਪ੍ਰਧਾਨ ਤੇ ਹੋਰ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਸ਼ਹਿਰ ਦੇ ਲੋਕਾਂ ਦੀ ਸੇਵਾ ਕੀਤੀ ਹੈ, ਉਸੇ ਤਰ੍ਹਾਂ ਉਹ ਜਨ ਸੰਪਰਕ ਦਫ਼ਤਰ ਰਾਹੀਂ ਸ਼ਹਿਰ ਵਾਸੀਆਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਕੋਈ ਵੀ ਨਾਗਰਿਕ ਕਿਸੇ ਵੀ ਸਮੱਸਿਆ ਲਈ ਉਨ੍ਹਾਂ ਨੂੰ ਮਿਲ ਸਕਦਾ ਹੈ। ਉਸ ਦੀ ਸਮੱਸਿਆਵਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਚੁੱਕਿਆ ਜਾਵੇਗਾ। ਇਸ ਮੌਕੇ ਮੇਅਰ ਅਨੂਪ ਗੁਪਤਾ, ਡਿਪਟੀ ਮੇਅਰ ਕੰਵਰਜੀਤ ਰਾਣਾ, ਸੁਭਾਸ਼ ਸ਼ਰਮਾ, ਰੰਜੀਤਾ ਮਹਿਤਾ, ਆਸ਼ਾ ਜਸਵਾਲ, ਰਾਮ ਲਾਲ, ਦਵਿੰਦਰ ਬਬਲਾ ਹਾਜ਼ਰ ਸਨ। ਇਸ ਮੌਕੇ ਵਪਾਰ ਮੰਡਲ, ਕਰਾਫੈੱਡ, ਫਰਨੀਚਰ ਐਸੋਸੀਏਸ਼ਨ, ਰੇਤ ਤੇ ਬੱਜਰੀ ਐਸੋਸੀਏਸ਼ਨ, ਉਦਯੋਗ ਤੇ ਵਪਾਰੀ ਐਸੋਸੀਏਸ਼ਨ, ਸਕਰੈਪ ਡੀਲਰ ਐਸੋਸੀਏਸ਼ਨ, ਫਲ ਤੇ ਸਬਜ਼ੀਆਂ ਡੀਲਰ ਐਸੋਸੀਏਸ਼ਨ ਅਤੇ ਸੈਂਕੜੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।