ਸਾਬਕਾ ਰਾਸ਼ਟਰਪਤੀ ਕੋਵਿੰਦ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 18 ਮਾਰਚ
ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕੁੱਝ ਸਮਾਂ ਕੀਰਤਨ ਵੀ ਸਰਵਣ ਕੀਤਾ। ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਦਮਦਮਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ।
ਉਨ੍ਹਾਂ ਸਾਬਕਾ ਰਾਸ਼ਟਰਪਤੀ ਨੂੰ ਜਦੋਂ ਇਹ ਦੱਸਿਆ ਕਿ ਗੁਰੂ ਗ੍ਰੰਥ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਨੂੰ ਸਹਿ ਲਿਖਾਰੀ ਥਾਪ ਕੇ ਇਸੇ ਥਾਂ ’ਤੇ ਕਰਵਾਈ ਸੀ ਤਾਂ ਸਾਬਕਾ ਰਾਸ਼ਟਰਪਤੀ ਭਾਵੁਕ ਹੋ ਗਏ।
ਉਨ੍ਹਾਂ ਤਖ਼ਤ ਸਾਹਿਬ ਵਿੱਚ ਸ਼ੁਸੋਭਿਤ ਇਤਿਹਾਸਕ ਵਸਤਾਂ ਦੇ ਦਰਸ਼ਨ ਵੀ ਕੀਤੇ। ਤਖ਼ਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੀਤ ਮੈਨੇਜਰ ਭਾਈ ਗੁਰਸੇਵਕ ਸਿੰਘ ਕਿੰਗਰਾ, ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਅਤੇ ਭੁਪਿੰਦਰ ਸਿੰਘ ਲਹਿਰੀ ਨੇ ਸਾਬਕਾ ਰਾਸ਼ਟਰਪਤੀ ਨੂੰ ਸਿਰੋਪਾਉ, ਕੰਬਲੀ, ਤਖ਼ਤ ਸਾਹਿਬ ਦੀ ਤਸਵੀਰ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਸ੍ਰੀ ਕੋਵਿੰਦ ਨੇ ਇਸ ਮੌਕੇ ਤਖ਼ਤ ਸਾਹਿਬ ਵਿੱਚ ਲੱਗੀ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਵੀ ਦੇਖੀ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੇ ਦਰਸ਼ਨਾਂ ਨਾਲ ਮਾਨਸਿਕ ਸਕੂਨ ਮਿਲਿਆ ਹੈ। ਤਖ਼ਤ ਸਾਹਿਬ ਕੰਪਲੈਕਸ ਵਿੱਚ ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਵੱਲੋਂ ਲਿਖਾਰੀ ਭਾਈ ਮਾਨ ਸਿੰਘ ਨੇ ਸਾਬਕਾ ਰਾਸ਼ਟਰਪਤੀ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਐੱਸਡੀਐੱਮ ਹਰਵਿੰਦਰ ਸਿੰਘ ਜੱਸਲ ਸਣੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।