ਕਾਗਜ਼ ਰੱੱਦ ਹੋਣ ਸਬੰਧੀ ਸਾਬਕਾ ਵਿਧਾਇਕ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ
ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 8 ਅਕਤੂਬਰ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਦੌਰਾਨ ਸਨੌਰ ਹਲਕੇ ਦੇ ਪਿੰਡਾਂ ਨਾਲ ਸਬੰਧਤ ਸਰਪੰੰਚੀ ਦੇ ਉਮੀਦਵਾਰਾਂ ਦੇ ਫਰਜ਼ੀ ਇਤਰਾਜ਼ਾਂ ਦੇ ਹਵਾਲੇ ਨਾਲ ਕਾਗਜ਼ ਰੱਦ ਕਰਨ ਸਬੰਧੀ ਛੇ ਪਿੰਡਾਂ ’ਤੇ ਆਧਾਰਤ ਪਟੀਸ਼ਨ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਹਾਈ ਕੋਰਟ ਵਿਚ ਦਾਇਰ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਘੋਖ ਕਰਨ ’ਤੇ ਹਾਸੋਹੀਣੇ ਇਤਰਾਜ਼ ਲੱਗੇ ਸਾਹਮਣੇ ਆਏ ਹਨ ਜਿਹੜੇ ਪਿੰਡਾਂ ਵਿੱਚ ਪੰਚਾਇਤ ਦੀਆਂ ਜ਼ਮੀਨਾਂ ਹੀ ਨਹੀਂ ਹਨ, ਉਥੇ ਵੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤੇ ਹੋਣ ਦੇ ਤਰਕ ਤਹਿਤ ਕਾਗਜ਼ ਰੱਦ ਕੀਤੇ ਗਏ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਨੇ ਕਿਸੇ ਉਮੀਦਵਾਰ ’ਤੇ ਮਕਾਨ ਦਾ ਛੱਜਾ ਵਧਾਇਆ ਹੋਣ ਅਤੇ ਕਿਸੇ ਦੇ ਘਰ ਮੂਹਰੇ ਰੈਂਪ ਬਣਿਆ ਹੋਣ ਦੇ ਇਤਰਾਜ਼ ਲਾ ਕੇ ਵੀ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਸਾਬਕਾ ਵਿਧਾਇਕ ਦਾ ਕਹਿਣਾ ਸੀ ਕਿ ਮਾੜੀਆਂ ਨੀਤੀਆਂ ਕਾਰਨ ਹੁਣ ਜਦੋਂ ਲੋਕ ‘ਆਪ’ ਆਗੂਆਂ ਦੇ ਕਹਿਣ ’ਤੇ ਉਨ੍ਹਾਂ ਦੇ ਚਹੇਤਿਆਂ ਨੂੰ ਸਰਪੰਚੀ ਲਈ ਵੀ ਵੋਟਾਂ ਪਾਉਣ ਲਈ ਤਿਆਰ ਨਹੀਂ ਹਨ, ਤਾਂ ਅਜਿਹੇ ਮਨਘੜਤ ਤੇ ਬੇਬੁਨਿਆਦ ਇਤਰਾਜ਼ਾਂ ਅਤੇ ਦੋਸ਼ਾਂ ਦਾ ਸਹਾਰਾ ਲੈ ਕੇ ਕਾਗਜ਼ ਰੱਦ ਕਰਵਾਏ ਗਏ ਹਨ।
ਹਰਿੰਦਰਪਾਲ ਚੰਦੂਮਾਜਰਾ ਦਾ ਕਹਿਣਾ ਸੀ ਕਿ ਲੋਕਤੰਤਰ ਦੀ ਮੁਢਲੀਆਂ ਇਕਾਈਆਂ ਮੰਨੀਆਂ ਜਾਂਦੀਆਂ ਪੰਚਾਇਤੀ ਚੋਣਾਂ ’ਚ ਹੀ ਲੋਕਤੰਤਰ ਦਾ ਇਸ ਕਦਰ ਘਾਣ ਕੀਤਾ ਗਿਆ ਹੈ ਕਿ ‘ਆਪ’ ਦੇ ਨੁਮਾਇੰਦਿਆਂ ਨੇ ਆਪਣੇ ਵਿਰੋਧੀਆਂ ਕੋਲ਼ੋਂ ਇਹ ਮੁਢਲੀਆਂ ਚੋਣਾਂ ਲੜਨ ਦੇ ਹੱਕ ਹੀ ਖੋਹ ਲਏ ਹਨ।
ਪਟੀਸ਼ਨ ਵਿਚਲੇ ਤੱਥਾਂ ਤੋਂ ਖੁਦ ਹੀ ਝੂਠੇ ਪਏ ਵਿਰੋਧੀ: ਪਠਾਣਮਾਜਰਾ
ਧੱਕੇਸ਼ਾਹੀਆਂ ਦੇ ਦੋੋਸ਼ਾਂ ਦਾ ਸਾਹਮਣਾ ਕਰਨ ਵਾਲ਼ੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਕਹਿਣਾ ਸੀ ਕਿ ਇਸ ਪਟੀਸ਼ਨ ਤੋਂ ਹੀ ਉਨ੍ਹਾਂ ਦੇ ਵਿਰੋਧੀਆਂ ਦੀ ਕਹਿਣੀ ਅਤੇ ਕਰਨੀ ’ਚ ਵੱਡਾ ਫਰਕ ਸਪੱਸ਼ਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਤਾਂ ਇਹ ਲੋਕ ਉਨ੍ਹਾਂ ਦੇ ਅਨੇਕਾਂ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਣ ਦੀ ਡੌਂਡੀ ਪਿੱਟਦੇ ਆ ਰਹੇ ਹਨ ਜਦਕਿ ਪਟੀਸ਼ਨ ਦਾਇਰ ਕਰਨ ਮੌਕੇ ਇਨ੍ਹਾਂ ਨੂੰ ਕੇਵਲ ਛੇ ਪਿੰਡਾਂ ਹੀ ਲੱਭੇ ਹਨ ਤੇ ਸੁਣਵਾਈ ਦੌਰਾਨ ਇਹ ਹੋਰ ਵੀ ਝੂਠੇ ਪੈਣਗੇ। ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਉਸ ਦੇ ਹਲਕੇ ਦੇ 106 ਸਰਪੰਚਾਂ ਅਤੇ 875 ਪੰਚਾਂ ਸਮੇਤ ਕੁੱਲ 981 ਉਮੀਦਵਾਰ ਬਿਨਾ ਮੁਕਾਬਲਾ ਚੁਣੇ ਗਏ ਹਨ ਤੇ ਅਜੇ ਵੀ ਸਰਪੰਚੀ ਦੇ 336 ਅਤੇ ਪੰਚੀ ਦੇ 717 ਸਮੇਤ ਕੁੱਲ 1053 ਉਮੀਦਵਾਰ ਚੋਣ ਲੜ ਰਹੇ ਹਨ। ਜਿਸ ਕਰਕੇ ਉਹ ਵਿਰੋਧੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਅਜਿਹੀ ਸੂਰਤ ’ਚ ਉਸ ਨੂੰ ਇਨ੍ਹਾਂ ਵੱਲੋਂ ਦਰਸਾਏ ਜਾ ਰਹੇ ਇਨ੍ਹਾਂ ਛੇ ਉਮੀਦਵਾਰਾਂ ਨਾਲ ਹੀ ਧੱਕੇਸ਼ਾਹੀ ਕਰਨ ਦੀ ਕੀ ਲੋੜ ਪਈ ਸੀ।