For the best experience, open
https://m.punjabitribuneonline.com
on your mobile browser.
Advertisement

ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦੇਹਾਂਤ

08:34 AM Aug 30, 2024 IST
ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦੇਹਾਂਤ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਗਸਤ
ਇਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ (73) ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਕੋਹਲੀ ਦੀ ਪਿਛਲੇ ਸਮੇਂ ਤੋਂ ਸਿਹਤ ਨਾਸਾਜ਼ ਹੋਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਸਸਕਾਰ 31 ਅਗਸਤ ਸ਼ਾਮੀ ਚਾਰ ਵਜੇ ਬੀਰ ਜੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਦੁਖਦਾਈ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਅਜੀਤਪਾਲ ਸਿੰਘ ਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਦਕਿ ਪੰਜਾਬ ਕੈਬਨਿਟ ਨੇ ਆਪਣੀ ਮੀਟਿੰਗ ਵਿੱਚ ਸਵਰਗੀ ਆਗੂ ਨੂੰ ਸ਼ਰਧਾਂਜਲੀ ਦਿੱਤੀ।
ਸੁਰਜੀਤ ਸਿੰਘ ਕੋਹਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਦੀ ਨੁਮਾਇੰਦਗੀ ਕੀਤੀ। ਉਹ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ (ਸ਼ਹਿਰੀ) ਇਕਾਈ ਦੇ ਪ੍ਰਧਾਨ ਵੀ ਰਹੇ। ਸੁਰਜੀਤ ਸਿੰਘ ਕੋਹਲੀ ਨੇ 1997 ਵਿੱਚ ਅਕਾਲੀ ਦਲ ਲਈ ਪਟਿਆਲਾ (ਸ਼ਹਿਰੀ) ਸੀਟ ਜਿੱਤੀ ਸੀ ਅਤੇ ਕੈਬਨਿਟ ਮੰਤਰੀ ਰਹੇ। ਇਸ ਤੋਂ ਬਾਅਦ ਉਹ ਤਿੰਨ ਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਉਨ੍ਹਾਂ ਸਿਆਸੀ ਜੀਵਨ ਦੀ ਸ਼ੁਰੂਆਤ ਮਿਉਂਸਪਲ ਕੌਂਸਲਰ ਤੋਂ ਕੀਤੀ ਸੀ, ਬਾਅਦ ’ਚ ਉਹ ਪੰਜਾਬ ਦੇ ਰਾਜ ਮੰਤਰੀ ਬਣੇ ਸਨ।
ਉਨ੍ਹਾਂ ਦੇ ਦੂਜੇ ਪੁੱਤਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਹਲੀ ਹਨ। ਸੁਰਜੀਤ ਸਿੰਘ ਕੋਹਲੀ ਦੇ ਪਿਤਾ ਸਰਦਾਰਾ ਸਿੰਘ ਕੋਹਲੀ ਵੀ ਸਿਆਸਤ ਵਿਚ ਕਾਫ਼ੀ ਨਾਮਵਰ ਸ਼ਖ਼ਸੀਅਤ ਸਨ। ਸ੍ਰੀ ਕੋਹਲੀ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਧੀ ਛੱਡ ਗਏ ਹਨ।
ਇਸ ਮੌਕੇ ਪੀੜਤ ਪਰਿਵਾਰ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਮਾਜਰਾ, ਮੁੱਖ ਮੰਤਰੀ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕ ਨੀਨਾ ਮਿੱਤਲ, ਵਿਧਾਇਕ ਕੁਲਵੰਤ ਬਾਜ਼ੀਗਰ, ਵਿਧਾਇਕ ਦੇਵ ਮਾਨ, ਵਿਧਾਇਕ ਗੁਰਲਾਲ ਸਿੰਘ, ਡੀਸੀ ਸ਼ੌਕਤ ਅਹਿਮਦ ਪਰੇ, ਐੱਸਐੱਸਪੀ ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਅਦਿੱਤਿਆ ਡੇਚਵਾਲ, ਬਲਤੇਜ ਸਿੰਘ ਪੰਨੂ ਡਾਇਰੈਕਟਰ ਮੀਡੀਆ ਰਿਲੇਸ਼ਨ, ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਿੰਦਰਪਾਲ ਸਿੰਘ ਟੌਹੜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਦੁੱਖ ਸਾਂਝਾ ਕੀਤਾ।

Advertisement
Advertisement
Author Image

joginder kumar

View all posts

Advertisement