For the best experience, open
https://m.punjabitribuneonline.com
on your mobile browser.
Advertisement

ਬਿਹਾਰ ਦੇ ਸਾਬਕਾ ਮੰਤਰੀ ਦੇ ਪਿਤਾ ਦੀ ਹੱਤਿਆ

07:13 AM Jul 17, 2024 IST
ਬਿਹਾਰ ਦੇ ਸਾਬਕਾ ਮੰਤਰੀ ਦੇ ਪਿਤਾ ਦੀ ਹੱਤਿਆ
ਪਟਨਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ। -ਫੋਟੋ: ਏੱਨਆਈ
Advertisement

ਦਰਭੰਗਾ/ਪਟਨਾ, 16 ਜੁਲਾਈ
ਬਿਹਾਰ ਦੇ ਸਾਬਕਾ ਮੰਤਰੀ ਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ (70) ਦੀ ਉਨ੍ਹਾਂ ਦੇ ਜੱਦੀ ਘਰ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਹਨੀ ਦੀ ਲਾਸ਼ ਦਰਭੰਗਾ ਜ਼ਿਲ੍ਹੇ ਦੇ ਬਿਰੌਲ ’ਚ ਉਨ੍ਹਾਂ ਦੀ ਰਿਹਾਇਸ਼ ਤੋਂ ਮਿਲੀ ਹੈ। ਇਸ ਘਟਨਾ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਏਡੀਜੀ (ਹੈੱਡਕੁਆਰਟਰ) ਜਤਿੰਦਰ ਸਿੰਘ ਗੰਗਵਾਰ ਮੁਤਾਬਕ, ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਗੰਗਵਾਰ ਨੇ ਕਿਹਾ, ‘‘ਉਹ ਸ਼ੱਕੀ ਢੰਗ ਨਾਲ ਘੁੰਮ ਰਹੇ ਸਨ। ਹਾਲਾਂਕਿ, ਇਸ ਕੇਸ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਥਾਨਕ ਪੁਲੀਸ ਦੀ ਸਹਾਇਤਾ ਲਈ ਸਪੈਸ਼ਲ ਟਾਸਕ ਫੋਰਸ ਦੀ ਇੱਕ ਟੀਮ ਦਰਭੰਗਾ ਭੇਜੀ ਗਈ ਹੈ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਅਤੇ ਡੌਗ ਸਕੁਐਡ ਦੀ ਵੀ ਮਦਦ ਲਈ ਜਾ ਰਹੀ ਹੈ।
ਏਡੀਜੀ ਨੇ ਕਿਹਾ ਕਿ ਜੀਤਨ ਸਾਹਨੀ ਦੀ ਛਾਤੀ ਤੇ ਪੇਟ ’ਤੇ ਤੇਜ਼ਧਾਰ ਹਥਿਆਰ ਦੇ ਡੂੰਘੇ ਨਿਸ਼ਾਨ ਹਨ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਉਧਰ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਮੁਖੀ ਸਾਹਨੀ ਘਟਨਾ ਸਮੇਂ ਮੁੰਬਈ ਵਿੱਚ ਸਨ। ਮੁਕੇਸ਼ ਸਾਹਨੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਰਕਾਰ ਵਿੱਚ ਲਗਪਗ ਡੇਢ ਸਾਲ ਮੰਤਰੀ ਰਹੇ ਹਨ। ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਫੋਨ ਕਰ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਜਾਂਚ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ। ਦਰਭੰਗਾ ਜਾਣ ਤੋਂ ਪਹਿਲਾਂ ਪਟਨਾ ਪੁੱਜੇ ਸਾਹਨੀ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵੀ ਉਨ੍ਹਾਂ ਨੂੰ ਫੋਨ ਕਰ ਕੇ ਹਮਦਰਦੀ ਪ੍ਰਗਟ ਕੀਤੀ ਹੈ। -ਪੀਟੀਆਈ

Advertisement

ਕਾਂਗਰਸ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ

ਨਵੀਂ ਦਿੱਲੀ: ਕਾਂਗਰਸ ਨੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਤਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਬਿਹਾਰ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਅਤੇ ਸਾਹਨੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਮੁਕੇਸ਼ ਸਾਹਨੀ ਦੇ ਪਿਤਾ ਦੀ ਹੱਤਿਆ ਬਹੁਤ ਹੀ ਉਦਾਸ ਕਰਨ ਵਾਲੀ ਅਤੇ ਨਿੰਦਣਯੋਗ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੀਤਨ ਸਾਹਨੀ ਦੀ ਬੇਰਹਿਮੀ ਨਾਲ ਹੱਤਿਆ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਸਾਹਨੀ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਹੱਤਿਆ ਅਤਿ ਨਿੰਦਣਯੋਗ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×