ਏਅਰ ਹੋਸਟੈੱਸ ਖੁਦਕੁਸ਼ੀ ਮਾਮਲੇ ’ਚੋਂ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ) : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਗੋਇਲ ਕਾਂਡਾ ਨੂੰ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚੋਂ ਅੱਜ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਇਸ ਕੇਸ ਵਿੱਚ ਸਹਿ-ਦੋਸ਼ੀ ਅਰੁਣਾ ਚੱਢਾ ਨੂੰ ਵੀ ਬਰੀ ਕਰ ਦਿੱਤਾ ਅਤੇ ਕਿਹਾ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ। ਮੁਲਜ਼ਮ 306 (ਖੁਦਕੁਸ਼ੀ ਲਈ ਉਕਸਾਉਣਾ), 506 (ਅਪਰਾਧਕ ਧਮਕੀ), 201 (ਸਬੂਤ ਨੂੰ ਖੁਰਦ-ਬੁਰਦ ਕਰਨਾ), 120ਬੀ (ਅਪਰਾਧਕ ਸਾਜ਼ਿਸ਼) ਅਤੇ 466 (ਜਾਅਲਸਾਜ਼ੀ) ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਗੀਤਿਕਾ ਸ਼ਰਮਾ ਉੱਤਰ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ’ਚ ਸਥਿਤ ਆਪਣੀ ਰਿਹਾਇਸ਼ ’ਤੇ 5 ਅਗਸਤ 2012 ਨੂੰ ਮ੍ਰਿਤ ਮਿਲੀ ਸੀ। ਆਪਣੇ 4 ਅਗਸਤ ਦੇ ਖੁਦਕੁਸ਼ੀ ਨੋਟ ਵਿੱਚ ਸ਼ਰਮਾ ਨੇ ਕਿਹਾ ਸੀ ਕਿ ਉਹ ਕਾਂਡਾ ਅਤੇ ਚੱਢਾ ਵੱਲੋਂ ‘ਤੰਗ-ਪ੍ਰੇਸ਼ਾਨ’ ਕੀਤੇ ਜਾਣ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰਨ ਜਾ ਰਹੀ ਹੈ। ਇਸ ਸਬੰਧੀ ਕੇਸ ਦਰਜ ਹੋਣ ਮਗਰੋਂ ਕਾਂਡਾ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਬਰੀ ਹੋਣ ਮਗਰੋਂ ਕਾਂਡਾ ਨੇ ਕਿਹਾ, “ਮੇਰੇ ਖਿਲਾਫ ਕੋਈ ਸਬੂਤ ਨਹੀਂ ਸੀ, ਇਹ ਕੇਸ ਮੇਰੇ ਖਿਲਾਫ ਬਣਾਇਆ ਗਿਆ ਸੀ।”
ਕਾਂਡਾ ਦੇ ਬਰੀ ਹੋਣ ਕਾਰਨ ਪਰਿਵਾਰ ਸਦਮੇ ’ਚ: ਅੰਕਿਤ ਸ਼ਰਮਾ
ਨਵੀਂ ਦਿੱਲੀ: ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦਾ ਪਰਿਵਾਰ 11 ਸਾਲ ਦੀ ‘ਭਾਵਨਾਤਮਕ ਜੱਦੋ-ਜਹਿਦ’ ਮਗਰੋਂ ਦਿੱਲੀ ਦੀ ਅਦਾਲਤ ਵੱਲੋਂ ਸੁਣਾਏ ਫ਼ੈਸਲੇ ਕਾਰਨ ਸਦਮੇ ਵਿੱਚ ਹੈ। ਅਦਾਲਤ ਨੇ ਗੀਤਿਕਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਗੋਇਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਇਸ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਗੀਤਿਕਾ ਦੇ ਭਰਾ ਅੰਕਿਤ ਸ਼ਰਮਾ ਨੇ ਕਿਹਾ, ‘‘ ਮੇਰੇ ਪਿਤਾ ਜੀ 66 ਸਾਲ ਦੇ ਹਨ, ਜੋ ਇਸ ਫ਼ੈਸਲੇ ਮਗਰੋਂ ਸਦਮੇ ਵਿੱਚ ਹਨ।’’ ਅੰਕਿਤ ਨੇ ਕਿਹਾ ਕਿ ਇਸ ਕੇਸ ਨੂੰ ਅੱਗੇ ਲੜਨ ਦੀ ਪਰਿਵਾਰ ਕੋਲ ਵਿੱਤੀ ਸਮਰੱਥਾ ਨਹੀਂ ਹੈ ਅਤੇ ਸਰਕਾਰ ਨੂੰ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਵੀ ਕੀਤਾ। ਅੰਕਿਤ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਕਿਹਾ, ‘‘ਇਹ 11 ਸਾਲ ਸਾਡੇ ਲਈ ਭਾਵਨਾਤਮਕ ਤੌਰ ’ਤੇ ਉੱਥਲ-ਪੁੱਥਲ ਵਾਲੇ ਰਹੇ ਹਨ। 11 ਸਾਲ ਦੀ ਲੰਮੀ ਜੱਦੋ-ਜਹਿਦ ਇਸ ਮੋੜ ’ਤੇ ਪਹੁੰਚ ਗਈ ਹੈ ਕਿ ਹੁਣ ਸਾਡੀ ਜ਼ਿੰਦਗੀ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ।’’ ਅਦਾਲਤ ਦੇ ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ। ਅੰਕਿਤ ਨੇ ਦੋਸ਼ ਲਾਇਆ ਕਿ ਕਾਂਡਾ ਦੇ ਅਸਰ ਰਸੂਖ਼ ਨੇ ਉਸ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਕਿਵੇਂ ਹੋ ਸਕਦਾ ਹੈ ਕਿ 1800 ਪੰਨਿਆਂ ਦੇ ਦੋਸ਼-ਪੱਤਰ ਵਿੱਚ ਕੋਈ ਸਬੂਤ ਹੀ ਨਾ ਹੋਵੇ?’’ ਉਸ ਨੇ ਕਿਹਾ, ‘‘ਇਸ ਵਿੱਚ ਸਬੂਤਾਂ ਦੀ ਘਾਟ ਨਹੀਂ, ਸਗੋਂ ਵਿਚਾਰ ਦੀ ਘਾਂਟ ਸੀ।’’ -ਪੀਟੀਆਈ