ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੀ 5 ਮਹੀਨਿਆਂ ਤੋਂ ਕੀਤੀ ਜਾ ਰਹੀ ਹੈ ਜਾਸੂਸੀ: ਸਰਮਾ
ਗੁਹਾਟੀ, 28 ਅਗਸਤ
ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਦੋਸ਼ ਲਾਇਆ ਕਿ ਝਾਰਖੰਡ ਦੇ ਮੰਤਰੀ ਚੰਪਾਈ ਸੋਰੇਨ ਦੀ ਪੰਜ ਮਹੀਨਿਆਂ ਤੋਂ ਉਨ੍ਹਾਂ ਦੀ ਹੀ ਸਰਕਾਰ ਵੱਲੋਂ ਜਾਸੂਸੀ ਕੀਤੀ ਜਾ ਰਹੀ ਹੈ ਤੇ ਉਹ ਪੁਲਸ ਦੀ ‘ਨਿਗਰਾਨੀ’ ਹੇਠ ਹਨ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਸਰਮਾ ਨੇ ਕਿਹਾ ਕਿ ਝਾਰਖੰਡ ਪੁਲੀਸ ਦੀ ਸਪੈਸ਼ਲ ਬ੍ਰਾਂਚ ਦੇ ਦੋ ਸਬ-ਇੰਸਪੈਕਟਰਾਂ (ਐੱਸਆਈ) ਨੂੰ ਸੋਰੇਨ ਦੇ ਸਮਰਥਕਾਂ ਨੇ ਦਿੱਲੀ ਦੇ ਹੋਟਲ ਵਿੱਚ ਉਦੋਂ ਫੜ ਲਿਆ, ਜਦੋਂ ਉਹ ਸਾਬਕਾ ਮੁੱਖ ਮੰਤਰੀ 'ਤੇ ਨਜ਼ਰ ਰੱਖ ਰਹੇ ਸਨ। ਸਰਮਾ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਇਹ ਭਾਰਤੀ ਰਾਜਨੀਤੀ ਵਿੱਚ ਜਾਸੂਸੀ ਦਾ ਦੁਰਲੱਭ ਮਾਮਲਾ ਹੈ, ਅਸੀਂ ਇਸ ਨੂੰ ਉੱਚ ਪੱਧਰ ’ਤੇ ਰੱਖਾਂਗੇ।’ ਉਨ੍ਹਾਂ ਕਿਹਾ ਕਿ ਦੋਵਾਂ ਐੱਸਆਈਜ਼ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਵੀ ਸ਼ੱਕ ਹੈ ਕਿ ਸੋਰੇਨ ਦੇ ਫੋਨ ਟੈਪ ਕੀਤੇ ਜਾ ਸਕਦੇ ਹਨ ਅਤੇ ਉਸ ਨੂੰ 'ਹਨੀ ਟ੍ਰੈਪ' ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਕਿਉਂਕਿ ਇੱਕ ਔਰਤ ਵੀ ਦੋ ਐੱਸਆਈਜ਼ ਨੂੰ ਮਿਲ ਰਹੀ ਸੀ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੇ 30 ਅਗਸਤ ਨੂੰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।