ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਾਰਖੰਡ ਦੇ ਮੁੱਖ ਮੰਤਰੀ ਵਜੋਂ ‘ਵੱਡਾ ਅਪਮਾਨ’ ਹੋਇਆ: ਚੰਪਈ ਸੋਰੇਨ

02:12 PM Aug 18, 2024 IST
ਐਤਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਪਈ ਸੋਰੇਨ। ਫੋਟੋ: ਪੀਟੀਆਈ

ਰਾਂਚੀ, 18 ਅਗਸਤ

Advertisement

ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਆਗੂ ਤੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸਾਂ ਦਰਮਿਆਨ ਅੱਜ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੂੰ ‘ਵੱਡੇ ਤ੍ਰਿਸਕਾਰ’ ਦਾ ਸਾਹਮਣਾ ਕਰਨਾ ਪਿਆ। ਸੋਰੇਨ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਬਦਲਵਾਂ ਰਾਹ ਚੁਣਨ ਲਈ ਮਜਬੂਰ ਹਨ। ਚੰਪਈ ਸੋਰੇਨ ਨੇ ਇਹ ਬਿਆਨ ਦਿੱਲੀ ਪੁੱਜਣ ਤੋਂ ਕੁਝ ਘੰਟਿਆਂ ਮਗਰੋਂ ਅਜਿਹੇ ਮੌਕੇ ਦਿੱਤਾ ਜਦੋਂ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ 3 ਜੁਲਾਈ ਨੂੰ ਉਨ੍ਹਾਂ ਨੂੰ ਦੱਸੇ ਬਗੈਰ ਹੀ ਉਨ੍ਹਾਂ ਦੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਚੰਪਈ ਸੋਰੇਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘ਜਦੋਂ ਮੈਂ ਪ੍ਰੋਗਰਾਮ ਰੱਦ ਕੀਤੇ ਜਾਣ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਮੈਨੂੰ ਦੱਸਿਆ ਗਿਆ ਕਿ 3 ਜੁਲਾਈ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ ਹੈ ਤੇ ਉਦੋਂ ਤੱਕ ਮੈਂ ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕਦਾ।’’ ਉਨ੍ਹਾਂ ਕਿਹਾ, ‘‘ਕੀ ਜਮਹੂਰੀਅਤ ਵਿਚ ਇਸ ਤੋਂ ਵੱਡਾ ਕੋਈ ਅਪਮਾਨ ਹੋ ਸਕਦਾ ਹੈ ਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਕਿਸੇ ਦੂਜੇ ਵਿਅਕਤੀ ਵੱਲੋਂ ਰੱਦ ਕਰ ਦਿੱਤਾ ਜਾਵੇ।’’ ਸੋਰੇਨ ਨੇ ਕਿਹਾ, ‘‘ਬੈਠਕ ਦੌਰਾਨ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ। ਕਿਉਂ ਜੋ ਮੈਨੂੰ ਸੱਤਾ ਦੀ ਕੋਈ ਚਾਹਤ ਨਹੀਂ ਸੀ, ਮੈਂ ਫੌਰੀ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਮੇਰੇ ਸਵੈ-ਮਾਣ ਨੂੰ ਸੱਟ ਵੱਜੀ। ਪਰ ਉਸ ਨੂੰ (ਮੁੱਖ ਮੰਤਰੀ ਹੇਮੰਤ ਸੋਰੇਨ) ਨੂੰ ਸ਼ਾਇਦ ਆਪਣੀ ਕੁਰਸੀ ਦੀ ਫ਼ਿਕਰ ਸੀ।’’ ਸੋਰੇਨ ਨੇ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਨੂੰ ਕਈ ਵਾਰ ਬੇਇੱਜ਼ਤ ਕੀਤਾ ਗਿਆ, ਹਾਲਾਂਕਿ ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਸੋਰੇਨ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਉਨ੍ਹਾਂ ਦੀ ਨਿੱਜੀ ਲੜਾਈ ਹੈ ਤੇ ਉਨ੍ਹਾਂ ਦਾ ਪਾਰਟੀ ਦੇ ਕਿਸੇ ਮੈਂਬਰ ਜਾਂ ਸੰਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਸ਼ਿਬੂ ਸੋਰੇਨ ਨਾਸਾਜ਼ ਸਿਹਤ ਕਰਕੇ ਸਰਗਰਮ ਸਿਆਸਤ ਤੋਂ ਦੂਰ ਹਨ, ‘‘ਜੇ ਉਹ ਠੀਕ ਹੁੰਦੇ ਤਾਂ ਗੱਲ ਹੀ ਕੁਝ ਹੋਰ ਹੁੰਦੀ।’’ ਚੇਤੇ ਰਹੇ ਕਿ ਚੰਪਈ ਸੋਰੇਨ ਨੇ ਅੱਜ ਦਿਨੇਂ ਦਿੱਲੀ ਪੁੱਜਣ ’ਤੇ ਦਾਅਵਾ ਕੀਤਾ ਸੀ ਕਿ ਉਹ ਕਿਸੇ ਭਾਜਪਾ ਆਗੂ ਨੂੰ ਨਹੀਂ ਮਿਲੇ ਤੇ ‘ਨਿੱਜੀ’ ਫੇਰੀ ਲਈ ਕੌਮੀ ਰਾਜਧਾਨੀ ਆਏ ਹਨ।

ਉਧਰ ਚੰਪਈ ਸੋਰੇਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕਿਆਸਾਂ ਦਰਮਿਆਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਾਜਪਾ ’ਤੇ ਵਿਧਾਇਕਾਂ ਦੀ ‘ਖਰੀਦੋ ਫਰੋਖ਼ਤ’ ਤੇ ‘ਸਮਾਜ ਵਿਚ ਵੰਡੀਆਂ’ ਪਾਉਣ ਦਾ ਦੋਸ਼ ਲਾਇਆ ਹੈ। -ਪੀਟੀਆਈ

Advertisement

Advertisement