ਸਾਬਕਾ ਭਾਰਤੀ ਹਾਕੀ ਕੋਚ ਜਗਬੀਰ ਸਿੰਘ ਨੂੰ ਦਿਲ ਦਾ ਦੌਰਾ ਪਿਆ, ਆਈਸੀਯੂ ’ਚ ਦਾਖਲ
ਰੁੜਕੇਲਾ(ਉੜੀਸਾ), 3 ਜਨਵਰੀ
ਭਾਰਤੀ ਹਾਕੀ ਟੀਮ ਦੇ ਸਾਬਕਾ ਫਾਰਵਰਡ ਤੇ ਹਾਕੀ ਕੋਚ ਜਗਬੀਰ ਸਿੰਘ ਨੂੰ ਛਾਤੀ ਵਿਚ ਦਰਦ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਇਸ ਵੇਲੇ ਆਈਸੀਯੂ ’ਚ ਦਾਖਲ ਹਨ। ਦੋ ਵਾਰ ਦੇ ਓਲੰਪੀਅਨ ਜਗਬੀਰ ਸਿੰਘ ਇਥੇੇ ਹਾਕੀ ਇੰਡੀਆ ਲੀਗ (ਐੱਚਆਈਐੱਲ) ਦੀ ਗੋਨਾਸਿਕਾ ਟੀਮ ਨਾਲ ਮੌਜੂਦ ਸਨ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਸਿਖਲਾਈ ਸੈਸ਼ਨ ਦੌਰਾਨ ਜਗਬੀਰ ਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੋਈ। ਉਨ੍ਹਾਂ ਨੂੰ ਫੌਰੀ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਇਕ ਆਰਟਰੀ ਬਲਾਕ ਹੋਣ ਬਾਰੇ ਪਤਾ ਲੱਗਾ। ਡਾਕਟਰ ਉਨ੍ਹਾਂ ਦੀ ਬਲਾਕ ਆਰਟਰੀ ਦਾ ਇਲਾਜ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਾਕੀ ਕੋਚ ਨੂੰ ਹਸਪਤਾਲ ਦੇ ਆਈਸੀਯੂ ਵਾਰਡ ਵਿਚ ਰੱਖਿਆ ਗਿਆ ਹੈ। ਏਅਰ ਇੰਡੀਆ ਦੇ ਸਾਬਕਾ ਮੁਲਾਜ਼ਮ ਜਗਬੀਰ ਸਿੰਘ ਨੇ 1988 ਸਿਓਲ ਤੇ 1992 ਬਾਰਸੀਲੋਨਾ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਜਗਬੀਰ ਨੇ ਏਥਨਜ਼ ਵਿਚ 2004 ਓਲੰਪਿਕ ਖੇਡਾਂ ਵਿਚ ਵੀ ਭਾਰਤੀ ਪੁਰਸ਼ ਟੀਮ ਨੂੰ ਕੋਚਿੰਗ ਦਿੱਤੀ। -ਪੀਟੀਆਈ