ਸਾਬਕਾ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਦਾ ਦੇਹਾਂਤ, ਸਸਕਾਰ ਅੱਜ
ਬੰਗਲੂਰੂ, 10 ਦਸੰਬਰ
ਸਾਬਕਾ ਵਿਦੇਸ਼ ਮੰਤਰੀ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸਐੱਮ ਕ੍ਰਿਸ਼ਨਾ ਦਾ ਦੇਰ ਰਾਤ ਉਨ੍ਹਾਂ ਦੇ ਘਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਸੂਤਰ ਨੇ ਦੱਸਿਆ ਕਿ ਸੀਨੀਅਰ ਰਾਜਨੇਤਾ ਐੱਸਐੱਮ ਕ੍ਰਿਸ਼ਨਾ (92) ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਤਰਾਂ ਨੇ ਦੱਸਿਆ, ‘ਐੱਸਐੱਮ ਕ੍ਰਿਸ਼ਨਾ ਹੁਣ ਨਹੀਂ ਰਹੇ। ਉਨ੍ਹਾਂ ਆਪਣੀ ਰਿਹਾਇਸ਼ ’ਤੇ ਰਾਤ 2.45 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਮੱਦੁਰ ਲਿਜਾਈ ਜਾਵੇਗੀ, ਜਿੱਥੇ ਭਲਕੇ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ।’ ਸੋਮਨਹੱਲੀ ਮਲੱਈਆ ਕ੍ਰਿਸ਼ਨਾ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਪ੍ਰੇਮਾ ਅਤੇ ਦੋ ਧੀਆਂ ਸਾਂਭਵੀ ਤੇ ਮਾਲਵਿਕਾ ਹਨ। ਕਰਨਾਟਕ ਸਰਕਾਰ ਨੇ ਸੂਬੇ ’ਚ ਤਿੰਨ ਦਿਨਾ ਸਰਕਾਰੀ ਸੋਗ ਐਲਾਨਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਕਿਹਾ, ‘ਸ੍ਰੀ ਐੱਸਐੱਮ ਕ੍ਰਿਸ਼ਨਾ ਜੀ ਅਸਧਾਰਨ ਨੇਤਾ ਸਨ, ਜਿਨ੍ਹਾਂ ਦੀ ਪ੍ਰਸ਼ੰਸਾ ਸਾਰੇ ਖੇਤਰਾਂ ਦੇ ਲੋਕ ਕਰਦੇ ਸਨ। ਉਨ੍ਹਾਂ ਹਮੇਸ਼ਾ ਦੂਜਿਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ।’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਲਿਖਿਆ, ‘ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਐੱਸਐੱਮ ਕ੍ਰਿਸ਼ਨਾਂ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਵਿਕਾਸ ਦੇ ਸੱਚੇ ਪੈਰੋਕਾਰ ਰਹੇ ਕ੍ਰਿਸ਼ਨਾ ਨੇ ਸੂਬੇ ਤੇ ਦੇਸ਼ ਲਈ ਅਹਿਮ ਯੋਗਦਾਨ ਪਾਇਆ।’ ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ, ‘ਸ੍ਰੀ ਐੱਸਐੱਮ ਕ੍ਰਿਸ਼ਨਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਇਸ ਮੁਸ਼ਕਿਲ ਸਮੇਂ ’ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਹੈ।’ ਇਸੇ ਤਰ੍ਹਾਂ ਕੇਂਦਰੀ ਮੰਤਰੀ ਐੱਸ ਜੈਸ਼ੰਕਰ, ਨਿਰਮਲਾ ਸੀਤਾਰਮਨ, ਕਾਂਗਰਸ ਆਗੂ ਜੈਰਾਮ ਰਮੇਸ਼, ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ, ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਤੇ ਹੋਰਾਂ ਸ੍ਰੀ ਕ੍ਰਿਸ਼ਨਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ