ਰਿਸ਼ਵਤਖੋਰੀ ਦੇ ਦੋਸ਼ ਹੇਠ ਸਾਬਕਾ ਡੀਐੱਸਪੀ ਨੂੰ 6 ਸਾਲ ਦੀ ਕੈਦ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਫਰਵਰੀ
ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ 13 ਸਾਲ ਪੁਰਾਣੇ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਸਾਬਕਾ ਡੀਐੱਸਪੀ ਰਾਕਾ ਗੇਰਾ ਨੂੰ 6 ਸਾਲ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੀਬੀਅਈ ਨੇ ਜੁਲਾਈ 2011 ਵਿੱਚ ਜ਼ਿਲ੍ਹਾ ਮੁਹਾਲੀ ਦੇ ਮੁੱਲਾਂਪੁਰ ਦੇ ਇੱਕ ਵਸਨੀਕ ਦੀ ਸ਼ਿਕਾਇਤ ’ਤੇ ਸਾਬਕਾ ਡੀਐੱਸਪੀ ਰਾਕਾ ਗੇਰਾ ਖ਼ਿਲਾਫ਼ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕਰਨ ਸਬੰਧੀ ਕੇਸ ਦਰਜ ਕੀਤਾ ਸੀ। ਇਸ ਮਗਰੋਂ ਸੀਬੀਆਈ ਨੇ ਰਾਕਾ ਗੇਰਾ ਨੂੰ ਚੰਡੀਗੜ੍ਹ ਦੇ ਸੈਕਟਰ-15 ਸਥਿਤ ਘਰ ’ਚੋਂ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਰਾਕਾ ਗੇਰਾ ਦੇ ਘਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ, ਕਾਰਤੂਸ, ਸ਼ਰਾਬ ਦੀਆਂ ਬੋਤਲਾਂ ਤੇ 90 ਲੱਖ ਰੁਪਏ ਨਕਦ ਬਰਾਮਦ ਕੀਤੇ ਸਨ। ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੇ ਡੀਐੱਸਪੀ ਰਾਕਾ ਗੇਰਾ ਵਿਰੁੱਧ ਦੋਸ਼ ਲਗਾਏ ਸਨ, ਉਹ ਬਾਅਦ ਵਿੱਚ ਮੁਕਰ ਗਿਆ ਸੀ, ਪਰ ਸੀਬੀਆਈ ਨੇ ਉਕਤ ਮਾਮਲੇ ਵਿੱਚ 49 ਗਵਾਹ ਬਣਾਏ ਸਨ, ਜਿਸ ਕਰਕੇ ਉਕਤ ਮਾਮਲੇ ਨੂੰ ਅਦਾਲਤ ਵਿੱਚ ਜਾਰੀ ਰੱਖਿਆ ਗਿਆ। ਇਸ ਮਾਮਲੇ ਸਬੰਧੀ ਰਾਕਾ ਗੇਰਾ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕਰਨ ’ਤੇ ਮਾਣਯੋਗ ਅਦਾਲਤ ਨੇ 5 ਸਾਲ ਤੱਕ ਮਾਮਲੇ ਦੀ ਸੁਣਵਾਈ ’ਤੇ ਰੋਕ ਲਗਾ ਦਿੱਤੀ ਸੀ ਤੇ ਅਗਸਤ 2023 ਵਿੱਚ ਰੋਕ ਹਟਣ ਤੋਂ ਬਾਅਦ ਸੀਬੀਆਈ ਨੇ ਅਦਾਲਤ ਵਿੱਚ ਮੁੜ ਮਾਮਲੇ ਵਿੱਚ ਪੈਰਵਾਈ ਸ਼ੁਰੂ ਕੀਤੀ।