ਕਾਂਗਰਸ ਦੇ ਸਾਬਕਾ ਵਿਧਾਇਕ ਧੀਂਗਾਨ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਬੀ ਦਿੱਲੀ ਦੇ ਸੀਮਾਪੁਰੀ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਕਾਂਗਰਸ ਦੇ ਸੀਨੀਅਰ ਦਲਿਤ ਨੇਤਾ ਵੀਰ ਸਿੰਘ ਧੀਂਗਾਨ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਟੋਪੀ ਅਤੇ ਪਟਕਾ ਪਹਿਨਾ ਕੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਸੀਲਮਪੁਰ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਮਤੀਨ ਅਹਿਮਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਧਰ ਮਤੀਨ ਅਹਿਮਦ ਦਾ ਪੁੱਤਰ ਤੇ ਨੂੰਹ ਵੀ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਵੀਰ ਸਿੰਘ ਧੀਂਗਾਨ ਦਾ ਆਮ ਆਦਮੀ ਪਾਰਟੀ ਵਿੱਚ ਸਵਾਗ ਹੈ। ਵੀਰ ਸਿੰਘ ਧੀਂਗਾਨ ਦਿੱਲੀ ਦੀ ਰਾਜਨੀਤੀ ਵਿੱਚ ਇੱਕ ਵੱਡੀ ਸ਼ਖਸੀਅਤ ਹਨ। ਉਹ ਕਾਫ਼ੀ ਸਮੇ ਤੋਂ ਜਨਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਆਪਣੇ ਕੰਮਾਂ ਕਰਕੇ ਵੋਟਾਂ ਮੰਗਦੀ ਹੈ। ਉਹ ਖੁੱਲ੍ਹ ਕੇ ਕਹਿੰਦੇ ਹਾਂ ਕਿ ਜੇ ਕੰਮ ਹੋ ਗਿਆ ਹੈ ਤਾਂ ਸਾਨੂੰ ਵੋਟ ਦਿਓ, ਨਹੀਂ ਤਾਂ ਸਾਨੂੰ ਵੋਟ ਨਾ ਦਿਓ।
ਇਸ ਦੇ ਨਾਲ ਹੀ ਵੀਰ ਸਿੰਘ ਧੀਂਗਾਨ ਨੇ ਕਿਹਾ ਕਿ ਅੱਜ ਉਹ ਅਰਵਿੰਦ ਕੇਜਰੀਵਾਲ ਦੇ ਆਸ਼ੀਰਵਾਦ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਉਸ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਸ਼ੋਸ਼ਣ, ਦਿੱਲੀ ਦੇ ਲੋਕਾਂ ਦੀ ਅਣਦੇਖੀ ਅਤੇ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ ਹੈ, ਉਸ ਤੋਂ ਉਹ ਕੁਝ ਹੱਦ ਤੱਕ ਦੁਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਲੋਕ ਬਾਹਰ ਇੱਕ ਕਹਿੰਦੇ ਹਨ ਤੇ ਅੰਦਰ ਕੁੱਝ ਹੋਰ। ਉਨ੍ਹਾਂ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਹੈ ਤਾਂ ਨਗਰ ਨਿਗਮ ਦੀ ਚੋਣ ਵਿੱਚ ‘ਆਪ’ ਦਾ ਸਹਿਯੋਗ ਕਿਉਂ ਨਹੀਂ ਕੀਤਾ। ਬਾਇਕਾਟ ਕਰਕੇ ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕੀਤੀ ਹੈ।