ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 21 ਦਸੰਬਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਸਸਕਾਰ ਅੱਜ ਡੱਬਵਾਲੀ ਹਲਕੇ ’ਚ ਸਥਿਤ ਚੌਟਾਲਾ ਪਰਿਵਾਰ ਦੇ ਗ੍ਰਹਿ ਤੇਜਾਖੇੜਾ ਫਾਰਮ ਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਅਜੈ ਸਿੰਘ ਚੌਟਾਲਾ ਅਤੇ ਅਭੈ ਸਿੰਘ ਚੌਟਾਲਾ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਹਰਿਆਣਾ ਪੁਲੀਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ੍ਰੀ ਚੌਟਾਲਾ ਦੀ ਮ੍ਰਿਤਕ ਦੇਹ ਤੇਜਾਖੇੜਾ ਫਾਰਮ ਹਾਊਸ ’ਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਸਿਰਸਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕਾਂਗਰਸ ਆਗੂ ਰਣਦੀਪ ਸੁਰਜੇਵਾਲਾ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਰਾਜ ਸਭਾ ਮੈਂਬਰ ਕਾਰਤੀਕਯ ਸ਼ਰਮਾ, ਰਾਮਬਿਲਾਸ ਸ਼ਰਮਾ, ਵਿਧਾਇਕ ਗੋਕੁਲ ਸੇਤੀਆ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਮਨਪ੍ਰੀਤ ਬਾਦਲ ਸਣੇ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਤੋਂ ਰਾਜਨੇਤਾ ਤੇ ਸਰਕਾਰੀ ਅਧਿਕਾਰੀ ਵੀ ਪੁੱਜੇ ਹੋਏ ਸਨ। ਸਾਬਕਾ ਮੁੱਖ ਮੰਤਰੀ ਦੇ ਸਸਕਾਰ ਮੌਕੇ ਚੌਟਾਲਾ ਪਰਿਵਾਰ ਵਿੱਚੋਂ ਸਵਰਗੀ ਚੌਟਾਲਾ ਦੇ ਛੋਟੇ ਭਰਾ ਸਾਬਕਾ ਮੰਤਰੀ ਚੌਧਰੀ ਰਣਜੀਤ ਸਿੰਘ, ਭਤੀਜੇ ਰਵੀ ਚੌਟਾਲਾ, ਡੱਬਵਾਲੀ ਦੇ ਵਿਧਾਇਕ ਆਦਿੱਤਿਆ ਦੇਵੀਲਾਲ, ਭਤੀਜੇ ਅਨਿਰੁੱਧ ਚੌਟਾਲਾ, ਭਤੀਜੇ ਸੰਦੀਪ ਚੌਧਰੀ, ਪੋਤਰਾ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਦ ਚੌਟਾਲਾ, ਪੋਤਰਾ ਦਿਗਵਿਜੈ ਚੌਟਾਲਾ, ਪੋਤਰਾ ਕਰਨ ਸਿੰਘ ਚੌਟਾਲਾ ਅਤੇ ਵਿਧਾਇਕ ਅਰਜੁਨ ਸਿੰਘ ਚੌਟਾਲਾ, ਪੋਤਰਾ ਸੂਰਿਆਪ੍ਰਕਾਸ਼ ਚੌਟਾਲਾ ਅਤੇ ਪੜਪੋਤਰਾ ਉੱਧਮ ਸਿੰਘ ਚੌਟਾਲਾ ਮੌਜੂਦ ਸੀ।
ਅਜੈ ਤੇ ਅਭੈ ਚੌਟਾਲਾ ਨੇ ਦਿੱਤਾ ਅਰਥੀ ਨੂੰ ਮੋਢਾ
ਚੌਧਰੀ ਓਮ ਪ੍ਰਕਾਸ਼ ਦੀਆਂ ਅੰਤਿਮ ਰਸਮਾਂ ਮੌਕੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਅਜੈ ਸਿੰਘ ਚੌਟਾਲਾ (ਜਜਪਾ) ਅਤੇ ਅਭੈ ਸਿੰਘ ਚੌਟਾਲਾ (ਇਨੈਲੋ) ਨੇ ਸੇਜਲ ਅੱਖਾਂ ਨਾਲ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ। ਚੌਟਾਲਾ ਪਰਿਵਾਰ ਦੇ ਬਜ਼ੁਰਗ ਓਮ ਪ੍ਰਕਾਸ਼ ਚੌਟਾਲਾ ਦੀ ਘਰੋਂ ਅਰਥੀ ਉੱਠਣ ਮੌਕੇ ਸਾਰਾ ਪਰਿਵਾਰ ਗਮਗੀਨ ਅਤੇ ਭਾਵੁਕ ਸੀ।