ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ
ਨੰਦਿਆਲ/ਅਮਰਾਵਤੀ, 9 ਸਤੰਬਰ
ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਨੂੰ ਕਥਿਤ ਹੁਨਰ ਵਿਕਾਸ ਘੁਟਾਲੇ ਦੇ ਸਬੰਧ ਵਿੱਚ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਸਾਰੀਆਂ ਸਹੂਲਤਾਂ ਨਾਲ ਲੈਸ ਉਨ੍ਹਾਂ ਦੀ ਬੱਸ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਉਹ ਸੌਂ ਰਹੇ ਸੀ ਅਤੇ ਉਸ ਮਗਰੋਂ ਨਾਇਡੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਆਂਧਰਾ ਪ੍ਰਦੇਸ਼ ਪੁਲੀਸ ਨੇ ਦੱਸਿਆ ਕਿ ਸੀਆਈਡੀ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਸਵੇਰੇ ਤਕਰੀਬਨ ਛੇ ਵਜੇ ਨੰਦਿਆਲ ਸ਼ਹਿਰ ਦੇ ਗਿਆਨਪੁਰਮ ਸਥਿਤ ਆਰਕੇ ਫੰਕਸ਼ਨ ਹਾਲ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਜਿੱਥੇ ਉਨ੍ਹਾਂ ਦੀ ਬੱਸ ਖੜ੍ਹੀ ਸੀ। ਨਾਇਡੂ ਨੂੰ ਦਿੱਤੇ ਗਏ ਨੋਟਿਸ ਵਿੱਚ ਸੀਆਈਡੀ ਦੀ ਆਰਥਿਕ ਅਪਰਾਧ ਸ਼ਾਖਾ ਦੇ ਡੀਐੱਸਪੀ ਐੱਮ ਧਨੰਜਯੁੜੂ ਨੇ ਕਿਹਾ, ‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਸਵੇਰੇ ਛੇ ਵਜੇ ਨੰਦਿਆਲ ਸ਼ਹਿਰ ਦੇ ਗਿਆਨਪੁਰਮ ਸਥਿਤ ਮੂਲਸਾਗਰਮ ਦੀ ਰਿਹਾਇਸ਼ ਆਰਕੇ ਫੰਕਸ਼ਨ ਹਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹ ਗ਼ੈਰ ਜ਼ਮਾਨਤੀ ਅਪਰਾਧ ਹੈ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਸੀਆਈਡੀ ਮੁਖੀ ਐੱਨ ਸੰਜੈ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਟੀਡੀਪੀ ਮੁਖੀ ਐੱਨ ਚੰਦਰਬਾਬੂ ਨਾਇਡੂ ਨੂੰ ਹੁਨਰ ਵਿਕਾਸ ਨਿਗਮ ’ਚ ਕਥਿਤ ਹੇਰਾਫੇਰੀ ਨਾਲ ਸਬੰਧਤ 300 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਫੰਡਾਂ ਦੀ ਹੇਰਾਫੇਰੀ ਨਾਲ ਨਾਇਡੂ ਤੇ ਟੀਡੀਪੀ ਨੂੰ ਲਾਭ ਮਿਲਿਆ ਹੈ। ਇਹ ਕੇਸ ਆਂਧਰਾ ਪ੍ਰਦੇਸ਼ ’ਚ ਸੈਂਟਰਜ਼ ਆਫ ਐਕਸੀਲੈਂਸ ਦੇ ਸਮੂਹਾਂ ਦੀ ਸਥਾਪਨਾ ਨਾਲ ਸਬੰਧਤ ਹੈ ਜਿਸ ਪ੍ਰਾਜੈਕਟ ਦੀ ਕੁੱਲ ਅਨੁਮਾਨਤ ਕੀਮਤ 3300 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਨੂੰ 300 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਚੰਦਰਬਾਬੂ ਨਾਇਡੂ ਨੇ ਸੀਆਈਡੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਚਾਰ ਮੈਂਬਰੀ ਕਾਨੂੰਨੀ ਟੀਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਇਸ ਸਬੰਧੀ ਸੀਆਈਆਈ ਦੀ ਆਰਥਿਕ ਅਪਰਾਧ ਸ਼ਾਖਾ ਦੇ ਜਾਂਚ ਅਧਿਕਾਰੀ ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੂੰ ਨੰਦਿਆਲਾ ਤੋਂ ਨੌਂ ਘੰਟੇ ਦਾ ਸਫ਼ਰ ਕਰਕੇ ਵਿਜੈਵਾੜਾ ਸਥਿਤ ਸੀਆਈਡੀ ਦੇ ਦਫ਼ਤਰ ਲਿਆਂਦਾ ਗਿਆ ਹੈ। ਦੂਜੇ ਪਾਸੇ ਟੀਡੀਪੀ ਨੇ ਨਾਇਡੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਲਕੇ 10 ਸਤੰਬਰ ਨੂੰ ਪੂਰੇ ਆਂਧਰਾ ਪ੍ਰਦੇਸ਼ ’ਚ ਸਮੂਹਿਕ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
ਇਸੇ ਵਿਚਾਲੇ ਟੀਡੀਪੀ ਦੇ ਅਧਿਕਾਰਕਤ ਐਕਸ ਹੈਂਡਲ ’ਤੇ ਪੁਲੀਸ ਵੱਲੋਂ ਨਾਇਡੂ ਦੀ ਬੱਸ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਟੀਡੀਪੀ ਆਗੂ ਪੁਲੀਸ ਨਾਲ ਬਹਿਸ ਕਰ ਰਹੇ ਹਨ। ਇਸੇ ਦੌਰਾਨ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਆਗੂਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਰਟੀ ਮੁਖੀ ਐੱਨ ਚੰਦਰਬਾਬੂ ਨਾਇਡੂ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਉਧਰ ਸੀਆਈਡੀ ਨੇ ਵਿਜੈਵਾੜਾ ’ਚ ਨਾਇਡੂ ਦੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
ਤੇਲਗੂ ਲੋਕਾਂ ਦੀ ਨਿਰਸਵਾਰਥ ਸੇਵਾ ਕੀਤੀ: ਨਾਇਡੂ
ਗ੍ਰਿਫ਼ਤਾਰੀ ’ਤੇ ਪ੍ਰਤੀਕਿਰਿਆ ਦਿੰਦਿਆਂ ਚੰਦਰਬਾਬੂ ਨਾਇਡੂ ਨੇ ਐੱਕਸ ’ਤੇ ਲਿਖਿਆ, ‘ਮੈਂ 45 ਸਾਲ ਤੱਕ ਤੇਲਗੂ ਲੋਕਾਂ ਦੀ ਨਿਰਸਵਾਰਥ ਸੇਵਾ ਕੀਤੀ ਹੈ। ਮੈਂ ਤੇਲਗੂ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਨੂੰ ਤਿਆਰ ਹਾਂ। ਕੋਈ ਵੀ ਤਾਕਤ ਮੈਨੂੰ ਤੇਲਗੂ ਲੋਕਾਂ, ਆਂਧਰਾ ਪ੍ਰਦੇਸ਼ ਤੇ ਮੇਰੀ ਮਾਤ ਭੂਮੀ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਲੋਕਾਂ ਤੇ ਪਾਰਟੀਆਂ ਵਰਕਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ।’ ਇਸੇ ਦੌਰਾਨ ਆਂਧਰਾ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਡੱਗੂਬਾਤੀ ਪੁਰਨਦੇਸ਼ਵਰੀ ਨੇ ਪੁਲੀਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਟੀਡੀਪੀ ਆਗੂ ਨੂੰ ਬਿਨਾਂ ਅਗਾਊਂ ਨੋਟਿਸ ਦੇ ਅਤੇ ਐੱਫਆਈਆਰ ’ਚ ਨਾਮ ਨਾ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਜਪਾ ਦੀ ਭਾਈਵਾਲ ਜਨਸੈਨਾ ਪਾਰਟੀ ਦੇ ਪ੍ਰਧਾਨ ਪਵਨ ਕਲਿਆਣ ਨਾਇਡੂ ਦੀ ਗ੍ਰਿਫ਼ਤਾਰੀ ਨੂੰ ਬਦਲਾਲਊ ਸਿਆਸਤ ਕਰਾਰ ਦਿੱਤਾ।